ਜਰਮਨੀ ''ਚ ਆਮ ਚੋਣਾਂ ਲਈ ਵੋਟਿੰਗ ਜਾਰੀ
Sunday, Feb 23, 2025 - 05:47 PM (IST)

ਬਰਲਿਨ (ਏਜੰਸੀ)- ਜਰਮਨੀ ਵਿੱਚ ਆਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ, ਜਿਸ 'ਤੇ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਸਾਲਾਂ ਤੋਂ ਆਈ ਗਿਰਾਵਟ, ਪ੍ਰਵਾਸ ਨੂੰ ਰੋਕਣ ਲਈ ਦਬਾਅ, ਯੂਕ੍ਰੇਨ ਦੇ ਭਵਿੱਖ ਅਤੇ ਯੂਰਪ ਦੇ ਅਮਰੀਕਾ ਨਾਲ ਗੱਠਜੋੜ ਨੂੰ ਲੈ ਕੇ ਵਧ ਰਹੀ ਅਨਿਸ਼ਚਿਤਤਾ ਦੀਆਂ ਚਿੰਤਾਵਾਂ ਹਾਵੀ ਹਨ। ਜਰਮਨੀ 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਨਾਟੋ ਦਾ ਇੱਕ ਮੁੱਖ ਮੈਂਬਰ ਹੈ।
ਇਹ ਅਮਰੀਕਾ ਤੋਂ ਬਾਅਦ ਯੂਕ੍ਰੇਨ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਰਿਹਾ ਹੈ। ਜਰਮਨੀ ਦੀ ਆਬਾਦੀ 84 ਮਿਲੀਅਨ ਹੈ, ਜਿਸ ਵਿੱਚੋਂ 59 ਮਿਲੀਅਨ ਤੋਂ ਵੱਧ ਲੋਕ ਸੰਸਦ ਦੇ ਹੇਠਲੇ ਸਦਨ, ਬੁੰਡੇਸਟੈਗ ਦੇ 630 ਮੈਂਬਰਾਂ ਨੂੰ ਚੁਣਨ ਦੇ ਯੋਗ ਹਨ। ਇਹ ਚੋਣਾਂ ਤੈਅ ਸਮੇਂ ਤੋਂ 7 ਮਹੀਨੇ ਪਹਿਲਾਂ ਹੋ ਰਿਹਾ ਹੈ, ਜਦੋਂ ਨਵੰਬਰ ਵਿੱਚ ਮੱਧਵਾਦੀ ਚਾਂਸਲਰ ਓਲਾਫ ਸਕੋਲਜ਼ ਦਾ ਗੱਠਜੋੜ ਟੁੱਟ ਗਿਆ ਸੀ। ਉਨ੍ਹਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ ਲਗਾਤਾਰ ਅੰਦਰੂਨੀ ਕਲੇਸ਼ ਦਾ ਸ਼ਿਕਾਰ ਰਿਹਾ ਸੀ।