ਇਟਲੀ ਦੇ ਕਸਬੇ ਗੁਰਲਾਗੋ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Wednesday, Apr 03, 2019 - 11:08 AM (IST)

ਮਿਲਾਨ,(ਸਾਬੀ ਚੀਨੀਆ)— ਉੱਤਰੀ ਇਟਲੀ ਦੇ ਜ਼ਿਲਾ ਬੈਰਗਾਮੋ ਦੇ ਕਸਬਾ ਗੁਰਲਾਗੋ ਅਤੇ ਇਲਾਕੇ 'ਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਾਮ ਦੀ ਪ੍ਰਬੰਧਕ ਕਮੇਟੀ ਗੁਰਲਾਗੋ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642 ਆਗਮਨ ਪੁਰਬ ਦਿਹਾੜੇ ਨੂੰ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ 2 ਵਜੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਹੋਈ। ਨਗਰ ਕੀਰਤਨ 'ਚ ਉਤਸ਼ਾਹ ਨਾਲ ਪੁੱਜੀਆਂ ਸੰਗਤਾਂ ਨੇ ਨਾਮ ਸਿਮਰਨ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਪੁੱਜੇ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ, ਜਸਵਿੰਦਰ ਜੱਸੀ ਅਤੇ ਪੁੱਜੇ ਹੋਏ ਹੋਰਨਾਂ ਜੱਥਿਆਂ ਨੇ ਹਾਜ਼ਰੀਆਂ ਭਰਦੇ ਹੋਏ ਨਗਰ ਕੀਰਤਨ ਨੂੰ ਚਾਰ ਚੰਨ ਲਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜੱਥਿਆਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਸੇਵਾਦਾਰਾਂ ਵਲੋਂ ਵੱਖ-ਵੱਖ ਸਟਾਲ ਲਾ ਕੇ ਆਈਆਂ ਸੰਗਤਾਂ ਨੂੰ ਲੰਗਰ ਵੀ ਵਰਤਾਏ ਗਏ। ਪ੍ਰਬੰਧਕ ਕਮੇਟੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਗਈ ਕਿ ਇਲਾਕੇ ਦੀਆਂ ਸੰਗਤਾਂ ਹਮੇਸ਼ਾ ਇਸੇ ਤਰ੍ਹਾਂ ਸਾਥ ਦੇ ਕੇ ਗੁਰੂ ਸਾਹਿਬਾਨਾਂ ਦੇ ਸਮਾਗਮਾਂ ਨੂੰ ਸਫਲ ਬਣਾਉਂਦੀਆਂ ਰਹਿਣਗੀਆਂ।