ਸਕੂਲ ''ਚ ਹਿੰਸਾ ਕਦੇ ਨਾਲ ਭੁੱਲਣ ਵਾਲਾ ਸਬਕ: ਯੂਨੀਸੇਫ
Friday, Sep 07, 2018 - 10:40 PM (IST)

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੀ ਇਕ ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵਭਰ 'ਚ ਸਕੂਲ ਜਾਣ ਵਾਲੇ 13 ਤੋਂ 15 ਸਾਲ ਦੇ ਘੱਟ ਤੋਂ ਘੱਟ 15 ਕਰੋੜ ਬੱਚੇ ਹਿੰਸਾ ਦਾ ਸ਼ਿਕਾਰ ਹੋਏ ਹਨ। ਵੀਰਵਾਰ ਨੂੰ ਪ੍ਰਕਾਸ਼ਿਤ ਰਿਪੋਰਟ 'ਚ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਕੀਤੀ ਗਈ ਹੈ ਜਿਨ੍ਹਾਂ ਨੂੰ ਇਕ ਮਹੀਨੇ 'ਚ ਡਰਾਇਆ ਧਮਕਾਇਆ ਗਿਆ ਤੇ ਪਹਿਲਾਂ ਦੇ ਸਾਲਾਂ 'ਚ ਉਹ ਲੜਾਈ 'ਚ ਸ਼ਾਮਲ ਰਹੇ ਹਨ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਬੱਚਿਆਂ ਲਈ ਸਕੂਲ ਦਾ ਵਾਤਾਵਰਣ ਸੁਰੱਖਿਅਤ ਨਹੀਂ ਹੈ ਬਲਕਿ ਖਤਰਨਾਕ ਖੇਤਰ ਹੈ, ਜਿਥੇ ਉਨ੍ਹਾਂ ਨੂੰ ਡਰ ਦੇ ਪਰਛਾਵੇਂ ਰਹਿਣਾ ਪੈਂਦਾ ਹੈ।
ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਹੇਨਰੀਟਾ ਫੋਰੇ ਕਹਿੰਦੀ ਹੈ ਕਿ ਇਨ੍ਹਾਂ ਘਟਨਾਵਾਂ ਦਾ ਵਿਦਿਆਰਥੀਆਂ ਦੀ ਸਿੱਖਿਆ 'ਤੇ ਨਾਕਾਰਾਤਮਕ ਅਸਰ ਪੈਂਦਾ ਹੈ ਫਿਰ ਚਾਹੇ ਉਹ ਅਮੀਰ ਦੇਸ਼ਾਂ 'ਚ ਰਹਿੰਦੇ ਹੋਣ ਜਾਂ ਗਰੀਬ ਦੇਸ਼ਾਂ 'ਚ। ਉਨ੍ਹਾਂ ਨੇ ਕਿਹਾ ਕਿ ਹਰੇਕ ਦਿਨ ਵਿਦਿਆਰਥੀ ਕਈ ਖਤਰਿਆਂ ਦਾ ਸਾਹਮਣਾ ਕਰਦੇ ਹਨ, ਜਿਸ 'ਚ ਲੜਾਈ, ਗੈਂਗ 'ਚ ਸ਼ਾਮਲ ਹੋਣ ਦਾ ਦਬਾਅ, ਵਿਅਕਤੀਗਤ ਤੌਰ 'ਤੇ ਜਾਂ ਆਨਲਾਈਨ ਧਮਕਾਉਣਾ, ਯੌਨ ਸ਼ੋਸ਼ਣ ਤੇ ਹਥਿਆਰਬੰਦ ਹਿੰਸਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਚੱਲ ਕੇ ਇਹ ਤਣਾਅ ਤੇ ਆਤਮਹੱਤਿਆ ਦਾ ਕਾਰਨ ਬਣ ਸਕਦਾ ਹੈ। ਹਿੰਸਾ ਕਦੇ ਨਾ ਭੁੱਲਣ ਵਾਲਾ ਸਬਕ ਹੈ, ਜਿਸ ਨੂੰ ਕੋਈ ਵੀ ਬੱਚਾ ਨਹੀਂ ਪੜ੍ਹਨਾ ਚਾਹੁੰਦਾ।