ਕੈਲਗਰੀ ’ਚ ਪੰਜਾਬੀ ਮੁਟਿਆਰ ’ਤੇ ਹਮਲੇ ਦੀ ਵੀਡੀਓ ਵਾਇਰਲ, ਹਮਲਾਵਰ ਗ੍ਰਿਫਤਾਰ

Wednesday, Mar 26, 2025 - 05:33 AM (IST)

ਕੈਲਗਰੀ ’ਚ ਪੰਜਾਬੀ ਮੁਟਿਆਰ ’ਤੇ ਹਮਲੇ ਦੀ ਵੀਡੀਓ ਵਾਇਰਲ, ਹਮਲਾਵਰ ਗ੍ਰਿਫਤਾਰ

ਕੈਲਗਰੀ (ਦਲਵੀਰ) - ਕੈਲਗਰੀ ਡਾਊਨਟਾਊਨ ’ਚ ਇਕ ਟਰਾਂਜਿਟ ਸ਼ੈਲਟਰ ’ਚ ਖੜੀ ਇਕ ਪੰਜਾਬੀ ਮੁਟਿਆਰ ’ਤੇ ਇਕ ਗੋਰੇ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਉਸ ਨੂੰ ਬੁਰੀ ਤਰ੍ਹਾਂ ਝੰਜੋੜਨ, ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਹਮਲਾਵਰ ਨੂੰ ਕੈਲਗਰੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗ੍ਰਿਫਤਾਰ ਕਰ ਲਿਆ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਦਿਖਾਈ ਦਿੰਦਾ ਹੈ ਕਿ ਹਮਲਾਵਾਰ ਟਰਾਂਜਿਟ ਸ਼ੈਲਟਰ ਵਿਚ ਆਉਂਦਾ ਹੈ ਅਤੇ ਅੰਦਰ ਖੜ੍ਹੀ ਕੁੜੀ ਨੂੰ  ਮੋਢਿਆਂ ਤੋਂ ਫੜਦਿਆਂ ਸ਼ੀਸ਼ੇ  ਸਾਹਮਣੇ ਧੱਕਦਾ ਹੈ, ਜਦ ਕਿ ਕੁੜੀ ਚੀਕਦੀ ਹੋਈ ਸੁਣਾਈ ਦਿੰਦੀ ਹੈ। ਇਹ ਘਟਨਾ ਐਤਵਾਰ ਦੁਪਹਿਰ   ਕਰੀਬ 1:40 ਵਜੇ ਦੀ ਹੈ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਉਸ ਦੀ ਪਾਣੀ ਦੀ ਬੋਤਲ ਖਿੱਚੀ ਅਤੇ ਉਸ ਦੇ ਚਿਹਰੇ ’ਤੇ ਪਾਣੀ ਛਿੜਕਿਆ, ਫਿਰ ਉਸ ਨੂੰ ਮੋਢਿਆਂ ਤੋਂ ਫੜ ਕੇ ਮੋਬਾਈਲ  ਖੋਹਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਕਰੀਬ ਇਕ ਦਰਜਨ ਲੋਕ ਪਲੇਟਫਾਰਮ ’ਤੇ ਮੌਜੂਦ ਸਨ, ਕਿਸੇ ਨੇ ਉਸ ਨੂੰ ਕੁਝ ਨਹੀਂ ਕਿਹਾ ਤੇ ਜਾਣ ਦਿੱਤਾ। ਇਸ ਘਟਨਾ ਉਪਰੰਤ ਕੈਲਗਰੀ ਪੁਲਸ ਨਾਲ ਸੰਪਰਕ ਕਰਨ ’ਤੇ ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਮਲਾਵਰ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਮੋਬਾਈਲ  ਤੋਂ ਬਿਨਾਂ ਮੌਕੇ ਤੋਂ ਭੱਜ ਗਿਆ। ਪੀੜਤ ਲੜਕੀ ਵੱਲੋਂ ਪੁਲਸ ਨੂੰ ਕਾਲ ਕੀਤੀ ਗਈ। ਗਵਾਹਾਂ ਨੇ ਇਸ ਸ਼ੱਕੀ ਨੂੰ ਲੱਭਣ ’ਚ ਮਦਦ ਕੀਤੀ, ਜਿਸ ਨੂੰ ਥੋੜ੍ਹੇ ਸਮੇਂ ਬਾਅਦ ਈਸਟ ਵਿਲੇਜ ’ਚੋਂ ਗ੍ਰਿਫਤਾਰ ਕਰ ਲਿਆ ਗਿਆ ।

ਉਨ੍ਹਾਂ ਦੱਸਿਆ ਕਿ ਪੁਲਸ ਨੇ  ਇਸ ਘਟਨਾ ਦੇ 25 ਮਿੰਟਾਂ ਅੰਦਰ ਹੀ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ। ਸ਼ੱਕੀ ਹਮਲਾਵਰ ਦੀ ਪਛਾਣ 31 ਸਾਲਾ ਬ੍ਰੇਡਨ ਜੋਸੇਫ ਜੇਮਜ਼ ਫਰੈਂਚ ਵਜੋਂ ਹੋਈ ਹੈ। ਇਸੇ ਦੌਰਾਨ ਕੈਲਗਰੀ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨੂੰ ਨਸਲੀ ਹਮਲਾ ਨਹੀਂ ਮੰਨਿਆ ਜਾ  ਸਕਦਾ ਹਾਲਾਂਕਿ ਪੁਲਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News