ਅੰਤਰਰਾਸ਼ਟਰੀ ਹਵਾਈ ਸੇਵਾਵਾਂ ਦੇ ਕਰੂ ਮੈਂਬਰਾਂ ਨੂੰ ਕੀਤਾ ਜਾਵੇ ਕੁਆਰੰਟੀਨ : ਲੀਜ਼ਾ ਨੇਵਿਲ
Tuesday, Jan 05, 2021 - 12:19 PM (IST)
ਮੈਲਬੌਰਨ (ਬਿਊਰੋ): ਵਿਕਟੋਰੀਆ ਦੀ ਐਮਰਜੈਂਸੀ ਸੇਵਾਵਾਂ ਦੀ ਮੰਤਰੀ ਲੀਜ਼ਾ ਨੇਵਿਲ ਨੇ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੰਤਰਰਾਸ਼ਟਰੀ ਫਲਾਈਟਾਂ ਵਿਚ ਸੇਵਾਵਾਂ ਨਿਭਾ ਰਹੇ ਕਰੂ ਮੈਂਬਰਾਂ ਨੂੰ ਦੇਸ਼ ਅੰਦਰ ਆਉਣ 'ਤੇ ਤੁਰੰਤ ਕੁਆਰੰਟੀਨ ਕਰਨਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਨੇ ਬੀਤੇ ਦਿਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਤੇ 2 ਹਫ਼ਤਿਆਂ ਅੰਦਰ ਹੀ ਕੋਰੋਨਾ ਦੇ ਅਜਿਹੇ 8 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਅੰਤਰਰਾਸ਼ਟਰੀ ਫਲਾਈਟਾਂ ਦੇ ਪਾਇਲਟ ਅਤੇ ਹੋਰ ਜਹਾਜ਼ੀ ਅਮਲੇ ਦੇ ਮੈਂਬਰ ਕੋਰੋਨਾ ਨਾਲ ਪੀੜਤ ਪਾਏ ਗਏ ਹਨ।
ਉੱਧਰ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਦੇ ਨਵੇਂ ਕਲਸਟਰ ਉਠਣੇ ਸ਼ੁਰੂ ਹੋਏ ਹਨ। ਉਦੋਂ ਤੋਂ ਹੀ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿਚ ਤਾਂ ਅਜਿਹਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਫਲਾਈਟਾਂ ਦੇ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਹਾਜ਼ੀ ਅਮਲੇ ਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਹੋਈ ਸੀ ਅਤੇ ਉਨ੍ਹਾਂ ਨੂੰ ਕਿਸੇ ਸੂਰਤ ਦੇ ਮੱਦੇਨਜ਼ਰ ਘਰਾਂ ਅੰਦਰ ਹੀ ਆਈਸੋਲੇਟ ਵੀ ਕਰ ਦਿੱਤਾ ਜਾਂਦਾ ਸੀ। ਅਜਿਹਾ ਚਲਨ ਕਈ ਰਾਜਾਂ ਅੰਦਰ ਹੁਣ ਵੀ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਜਹਾਜ਼ੀ ਅਮਲੇ ਦੇ 1000 ਮੈਂਬਰਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਅਤੇ ਉਨ੍ਹਾਂ ਵਿਚੋਂ 8 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਜੂਲੀਅਨ ਅਸਾਂਜੇ ਆਪਣੇ ਘਰ ਆਸਟ੍ਰੇਲੀਆ ਪਰਤ ਸਕਦੇ ਹਨ : ਸਕੌਟ ਮੌਰੀਸਨ
ਇਸ ਲਈ ਉਹਨਾਂ ਨੇ ਸਕੌਟ ਮੌਰੀਸਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੰਤਰਰਾਸ਼ਟਰੀ ਜਹਾਜ਼ਾਂ ਦੇ ਅਮਲਿਆਂ ਨੂੰ ਤੁਰੰਤ ਕੁਆਰੰਟੀਨ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ। ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਨਾਲ ਕਿ ਸਮੁੱਚੇ ਦੇਸ਼ ਨੂੰ ਹੀ ਨੁਕਸਾਨ ਹੋਣ ਦਾ ਖਦਸ਼ਾ ਹੋਵੇ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਹੋਟਲ ਕੁਆਰੰਟੀਨ ਵਾਲੇ ਸਟਾਫ ਦਾ ਵੀ ਲਗਾਤਾਰ ਕੋਰੋਨਾ ਟੈਸਟ ਚੱਲ ਰਿਹਾ ਹੈ ਅਤੇ ਇਹ ਗਿਣਤੀ ਹੁਣ 30,000 ਤੱਕ ਪਹੁੰਚ ਗਈ ਹੈ। ਹਾਲੇ ਤੱਕ ਇੱਕ ਵੀ ਕੋਰੋਨਾ ਦਾ ਪਾਜ਼ੇਟਿਵ ਮਾਮਲਾ ਦਰਜ ਨਹੀਂ ਹੋਇਆ ਹੈ।