FIFA World Cup ਲਈ ਵੈਨਕੂਵਰ ''ਚ ਲਗਾਏ ਜਾਣਗੇ ਅਸਥਾਈ ਨਿਗਰਾਨੀ ਕੈਮਰੇ
Saturday, Dec 20, 2025 - 01:44 AM (IST)
ਵੈਨਕੂਵਰ (ਮਲਕੀਤ ਸਿੰਘ) - 2026 ਫ਼ੀਫ਼ਾ ਵਰਲਡ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਨੂੰ ਧਿਆਨ ਵਿੱਚ ਰੱਖਦਿਆਂ ਸਿਟੀ ਆਫ਼ ਵੈਨਕੂਵਰ ਵੱਲੋਂ ਸ਼ਹਿਰ ਦੇ ਚੋਣਵੇਂ ਇਲਾਕਿਆਂ ਵਿੱਚ ਨਵੇਂ ਅਸਥਾਈ ਵੀਡੀਓ ਨਿਗਰਾਨੀ ਕੈਮਰੇ ਲਗਾਏ ਜਾਣਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਜਨਤਕ ਸੁਰੱਖਿਆ ਅਤੇ ਭੀੜ ਵਾਲੇ ਇਲਾਕਿਆਂ ਤੇ ਨਜ਼ਰ ਰੱਖਣ ਲਈ ਚੁੱਕਿਆ ਗਿਆ ਹੈ। ਇਹ ਕੈਮਰੇ ਮੈਚਾਂ ਤੋਂ ਕੁਝ ਦਿਨ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਮਹੱਤਵਪੂਰਨ ਚੌਰਾਹਿਆਂ, ਆਵਾਜਾਈ ਕੇਂਦਰਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਅਸਥਾਈ ਤੌਰ ’ਤੇ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਵੀਡੀਓ ਰਿਕਾਰਡਿੰਗ ਸਿਰਫ਼ ਸੁਰੱਖਿਆ ਮਕਸਦਾਂ ਲਈ ਵਰਤੀ ਜਾਵੇਗੀ।
ਸ਼ਹਿਰੀ ਅਧਿਕਾਰੀਆਂ ਅਨੁਸਾਰ ਜਿੱਥੇ ਕੈਮਰੇ ਲਗਾਏ ਜਾਣਗੇ, ਉਥੇ ਸੂਚਨਾ ਬੋਰਡ ਵੀ ਲਗਾਏ ਜਾ ਰਹੇ ਹਨ। ਅਧਿਕਾਰੀਆਂ ਦਾ ਦਾਅਵਾ ਹੈ ਕਿ ਨਿਗਰਾਨੀ ਅਸਥਾਈ ਹੋਵੇਗੀ ਅਤੇ ਟੂਰਨਾਮੈਂਟ ਦੇ ਸਮਾਪਤ ਹੋਣ ਮਗਰੋਂ ਕੈਮਰੇ ਹਟਾ ਲਏ ਜਾਣਗੇ।
