ਵੈਨਕੂਵਰ ''ਚ ਜਨਮ ਅਸ਼ਟਮੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ, ''ਮਹਾਭਾਰਤ'' ਦੇ ''ਦੁਰਯੋਧਨ'' ਨੇ ਵੀ ਕੀਤੀ ਸ਼ਿਰਕਤ
Monday, Aug 18, 2025 - 10:04 AM (IST)

ਵੈਨਕੂਵਰ (ਮਲਕੀਤ ਸਿੰਘ)- ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਸ਼ੋਭਾ ਯਾਤਰਾ ਵਿੱਚ ਵੈਨਕੂਵਰ ਤੋਂ ਇਲਾਵਾ ਸਰੀ, ਐਬਸਫੋਰਡ ਅਤੇ ਹੋਰਨਾਂ ਨੇੜਲੇ ਸ਼ਹਿਰਾਂ ਨਾਲ ਸਬੰਧਿਤ ਸ਼ਰਧਾਲੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਸ਼ਾਮ 3 ਵਜੇ ਆਰੰਭ ਹੋਈ ਇਹ ਸ਼ੋਭਾ ਯਾਤਰਾ ਉਕਤ ਮੰਦਰ ਦੇ ਆਸ ਪਾਸ ਤੈਅ ਸ਼ੁਦਾ ਰੂਟਾਂ ਰਾਹੀਂ ਹੁੰਦੀ ਹੋਈ ਸ਼ਾਮ ਤਕਰੀਬਨ 7:30 ਵਜੇ ਮੰਦਰ ਆ ਕੇ ਮੰਦਰ 'ਚ ਹੀ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਰੱਥ ਦੇ ਰੂਪ ਵਿੱਚ ਸਜਾਏ ਗਏ ਇੱਕ ਵੱਡ ਅਕਾਰੀ ਵਾਹਨ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸਜਾਈ ਗਈ ਸੀ।
ਰੰਗ ਬਰੰਗੇ ਫੁੱਲਾਂ ਨਾਲ ਸਜਾਏ ਇਸ ਰੱਥ ਦੇ ਅੱਗੇ ਅੱਗੇ ਮੋਟਰਸਾਈਕਲਾਂ 'ਤੇ ਸਵਾਰ ਸ਼ਰਧਾਲੂਆਂ ਦਾ ਇੱਕ ਕਾਫਲਾ ਚੱਲ ਰਿਹਾ ਸੀ। ਇਸ ਸ਼ੋਭਾ ਯਾਤਰਾ ਦੇ ਰੂਟ ਦੇ ਦੁਵੱਲੇ ਪਾਸੇ ਵੱਖ-ਵੱਖ ਪਰਿਵਾਰਾਂ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਸ਼ੋਭਾ ਯਾਤਰਾ 'ਚ ਸ਼ਾਮਲ ਸ਼ਰਧਾਲੂਆਂ ਦੀ ਸਹੂਲਤ ਲਈ ਵੰਨ-ਸੁਵੰਨੇ ਪਕਵਾਨਾਂ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਰੱਥ ਯਾਤਰਾ ਦੀ ਸਮਾਪਤੀ ਉਪਰੰਤ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਸਜਾਏ ਗਏ ਮੰਚ ਤੋਂ ਇਸ ਸ਼ੋਭਾ ਯਾਤਰਾ 'ਚ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਬਾਲੀਵੁੱਡ ਅਦਾਕਾਰ ਅਤੇ 'ਮਹਾਭਾਰਤ' ਸੀਰੀਅਲ 'ਚ ‘ਦੁਰਯੋਧਨ’ ਦੀ ਭੂਮਿਕਾ ਨਿਭਾਉਣ ਵਾਲੇ ਪੁਨੀਤ ਇਸਰ ਦਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਸਤੀਸ਼ ਕੁਮਾਰ, ਵਿਨੇ ਸ਼ਰਮਾ, ਵਰੁਣ ਆਰੀਆ, ਰਜਿੰਦਰ ਕੁਮਾਰ ਆਦਿ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e