ਕੈਨੇਡਾ ''ਚ ਕੋਰੋਨਾ ਦੌਰਾਨ ਵੈਲੇਨਟਾਈਨ ਡੇਅ ਮਨਾਉਣ ਦੀਆਂ ਤਿਆਰੀਆਂ, ਫੁੱਲਾਂ ਦੀ ਪਈ ਘਾਟ

02/13/2021 1:08:33 PM

ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਖ਼ਾਸ ਦਿਨ ਤੇ ਤਿਉਹਾਰ ਇਸ ਵਾਰ ਫਿੱਕੇ ਰਹੇ ਹਨ। ਕੈਨੇਡਾ ਵਿਚ ਵੈਲੇਨਟਾਈਨ ਡੇਅ ਮੌਕੇ ਇਸ ਵਾਰ ਲੋਕ ਪਹਿਲਾਂ ਵਾਂਗ ਬਾਹਰ ਘੁੰਮਣ-ਫਿਰਨ ਤੇ ਮਸਤੀ ਕਰਨ ਲਈ ਨਹੀਂ ਜਾ ਸਕਦੇ ਕਿਉਂਕਿ ਬਹੁਤ ਸਾਰੇ ਸੂਬਿਆਂ ਵਿਚ ਕੋਰੋਨਾ ਪਾਬੰਦੀਆਂ ਲਾਗੂ ਹਨ। ਇਸੇ ਲਈ ਇਸ ਸਾਲ ਬਹੁਤੇ ਲੋਕ ਆਪਣੇ ਪਿਆਰਿਆਂ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਫੁੱਲਾਂ ਦੇ ਗੁਲਦਸਤੇ ਭੇਜ ਰਹੇ ਹਨ।

ਫੁੱਲ ਵੇਚਣ ਵਾਲੇ ਸਥਾਨਕ ਕਾਰੋਬਾਰੀਆਂ ਨੇ ਦੱਸਿਆ ਕਿ ਇਸ ਵਾਰ ਕੈਨੇਡਾ ਦੀ ਹੋਰ ਦੇਸ਼ਾਂ ਨਾਲ ਆਵਾਜਾਈ ਫਿਲਹਾਲ ਨਾ ਦੇ ਬਰਾਬਰ ਹੀ ਹੈ। ਇਸ ਲਈ ਅਮਰੀਕਾ ਦੇ ਮਿਆਮੀ ਤੋਂ ਆਉਣ ਵਾਲੇ ਫੁੱਲ ਇਸ ਸਾਲ ਨਹੀਂ ਆ ਸਕੇ। ਇਸ ਦੇ ਇਲ਼ਾਵਾ ਕੋਰੋਨਾ ਵਾਇਰਸ ਕਾਰਨ ਕੰਮ ਬੰਦ ਹੋਣ ਕਾਰਨ ਫੁੱਲਾਂ ਦੀ ਖੇਤੀ ਵੀ ਪਹਿਲਾਂ ਵਾਂਗ ਨਹੀਂ ਹੋ ਸਕੀ। ਇਸ ਕਾਰਨ ਇਸ ਵਾਰ ਫੁੱਲਾਂ ਦੀ ਸਪਲਾਈ ਬਹੁਤ ਘੱਟ ਹੈ। 

ਕੋਰੋਨਾ ਵਾਇਰਸ ਕਾਰਨ ਲੋਕ ਬਾਹਰ ਖਾਣ-ਪੀਣ ਲਈ ਵੀ ਨਹੀਂ ਜਾ ਸਕਦੇ ਕਿਉਂਕਿ ਹਰ ਥਾਂ 'ਤੇ 25 ਫ਼ੀਸਦੀ ਲੋਕ ਹੀ ਇਕੱਠੇ ਹੋ ਸਕਦੇ ਹਨ। ਇਸੇ ਲਈ ਬਹੁਤੇ ਲੋਕ ਵੈਲੇਨਟਾਈਨ ਮਨਾਉਣ ਲਈ ਘਰਾਂ ਵਿਚ ਹੀ ਸਜਾਵਟ ਕਰ ਰਹੇ ਹਨ ਤੇ ਇਸ ਲਈ ਫੁੱਲਾਂ ਦੀ ਮੰਗ ਬਹੁਤ ਵੱਧ ਗਈ ਹੈ। ਓਂਟਾਰੀਓ ਦੇ ਕੁਝ ਖੇਤਰਾਂ ਵਿਚ ਤਾਂ ਫੁੱਲਾਂ ਦੀ ਘਾਟ ਪੈ ਗਈ ਹੈ। ਲੋਕ ਇਸ ਵਾਰ ਫੁੱਲਾਂ ਨਾਲ ਹੀ ਆਪਣੇ ਪਿਆਰਿਆਂ ਨੂੰ ਵਧਾਈਆਂ ਭੇਜ ਰਹੇ ਹਨ ਪਰ ਫੁੱਲਾਂ ਦੀ ਕਮੀ ਕਾਰਨ ਬਹੁਤੇ ਲੋਕ ਨਿਰਾਸ਼ ਵੀ ਹਨ। 


Lalita Mam

Content Editor

Related News