ਭਾਰਤ ਵਿਰੁੱਧ ਪਾਕਿ ਦੀ ਸਾਜਿਸ਼ ਅਸਫਲ; ਅਮਰੀਕਾ ਨੇ ਰੱਦ ਕੀਤਾ ਪ੍ਰਸਤਾਵ
Tuesday, Jun 23, 2020 - 06:10 PM (IST)
ਵਾਸ਼ਿੰਗਟਨ (ਬਿਊਰੋ): ਅੱਤਵਾਦ ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਪਾਕਿਸਤਾਨ ਦੀ ਭਾਰਤ ਨੂੰ ਫਸਾਉਣ ਦੀ ਯੋਜਨਾ ਨੂੰ ਅਮਰੀਕਾ ਨੇ ਅਸਫਲ ਕਰ ਦਿੱਤਾ ਹੈ। ਅਸਲ ਵਿਚ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਬੈਨ ਕਰਨ ਦੇ ਬਾਅਦ ਪਾਕਿਸਤਾਨ ਨੇ ਇਹ ਨਾਪਾਕ ਸਾਜਿਸ਼ ਰਚੀ ਸੀ। ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਪਾਕਿਸਤਾਨ ਦੇ ਪ੍ਰਸਤਾਵ ਨੂੰ ਰੋਕ ਦਿੱਤਾ।
ਸੀਨੀਅਰ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਨੇ ਸੁਰੱਖਿਆ ਪਰੀਸ਼ਦ ਨੂੰ ਸ਼ੁੱਕਰਵਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਅਧਿਕਾਰਤ ਰੂਪ ਨਾਲ ਪਾਕਿਸਤਾਨ ਦੇ ਪ੍ਰਸਤਾਵ ਨੂੰ ਰੋਕ ਰਿਹਾ ਹੈ। ਪਾਕਿਸਤਾਨ ਨੇ 4 ਭਾਰਤੀ ਨਾਗਰਿਕਾਂ 'ਤੇ ਉਸ ਦੇ ਇੱਥੇ ਅੱਤਵਾਦ ਫੈਲਾਉਣ ਦਾ ਦੋਸ਼ ਲਗਾਇਆ ਸੀ। ਇਸ ਵਿਚ ਅਫਗਾਨਿਸਤਾਨ ਵਿਚ ਕਿਰਿਆਸ਼ੀਲ ਭਾਰਤੀ ਨਿਰਮਾਣ ਕੰਪਨੀ ਦੇ ਇੰਜੀਨੀਅਰ ਵੇਨੂ ਮਾਧਵ ਡੋਂਗਰਾ ਵੀ ਸ਼ਾਮਲ ਹਨ। ਪਾਕਿਸਤਾਨ ਨੂੰ ਆਸ ਸੀ ਕਿ ਚੀਨ ਦੀ ਮਦਦ ਨਾਲ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਡੋਂਗਰਾ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਾ ਲਵੇਗਾ ਪਰ ਉਸ ਦੀ ਯੋਜਨਾ ਅਸਫਲ ਹੋ ਗਈ।
ਅਮਰੀਕਾ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਇਸ ਪ੍ਰਸਤਾਵ ਨੂੰ ਤਕਨੀਕੀ ਰੂਪ ਨਾਲ ਰੋਕ ਦਿੱਤਾ ਸੀ ਅਤੇ ਪਾਕਿਸਤਾਨ ਤੋਂ ਡੋਂਗਰਾ ਦੇ ਵਿਰੁੱਧ ਹੋਰ ਜ਼ਿਆਦਾ ਸਬੂਤ ਦੇਣ ਲਈ ਕਿਹਾ ਸੀ। ਪਾਕਿਸਤਾਨ ਦੇ ਹੋਰ ਜ਼ਿਆਦਾ ਸਬੂਤ ਨਾ ਦੇਣ 'ਤੇ ਅਮਰੀਕਾ ਨੇ ਡੋਂਗਰਾ ਵਿਰੁੱਧ ਆਏ ਪ੍ਰਸਤਾਵ ਨੂੰ ਅਧਿਕਾਰਤ ਰੂਪ ਨਾਲ ਰੋਕ ਦਿੱਤਾ। ਇਸ ਦੇ ਨਾਲ ਹੀ ਹੁਣ ਇਹ ਪ੍ਰਸਤਾਵ ਖਤਮ ਹੋ ਗਿਆ ਹੈ। ਹੁਣ ਜੇਕਰ ਪਾਕਿਸਤਾਨ ਹਾਲੇ ਵੀ ਡੋਂਗਰਾ ਨੂੰ ਫਸਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਨਵਾਂ ਪ੍ਰਸਤਾਵ ਲਿਆਉਣਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਭਾਰਤੀ ਮੂਲ ਦੇ ਨਿਖਿਲ ਰਾਠੀ ਬਣੇ ਵਿੱਤੀ ਰੈਗੂਲੇਟਰੀ ਦੇ ਸੀ.ਈ.ਓ.
ਸੂਤਰਾਂ ਨੇ ਦੱਸਿਆ ਕਿ ਡੋਂਗਰਾ ਵਿਰੁੱਧ ਸਬੂਤ ਦੇਣ ਵਿਚ ਪਾਕਿਸਤਾਨ ਬੁਰੀ ਤਰ੍ਹਾਂ ਅਸਫਲ ਰਿਹਾ। ਪਾਕਿਸਤਾਨ ਨੇ ਡੋਂਗਰਾ 'ਤੇ ਅੱਤਵਾਦੀ ਹਮਲਿਆਂ ਦੇ ਵਿੱਤਪੋਸ਼ਣ ਅਤੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਸੰਬੰਧ ਰੱਖਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ 3 ਹੋਰ ਭਾਰਤੀਆਂ 'ਤੇ ਇਹੀ ਦੋਸ਼ ਲਗਾਏ ਸਨ ਅਤੇ ਇਹ ਸਾਰੇ ਭਾਰਤ ਪਰਤ ਚੁੱਕੇ ਹਨ।