ਯੌਨ ਸ਼ੋਸ਼ਣ ਦੇ ਦੋਸ਼ੀ ਭਾਰਤੀ ਪੇਸ਼ੇਵਰ ਨੂੰ 9 ਸਾਲ ਕੈਦ ਦੀ ਸਜ਼ਾ
Friday, Dec 14, 2018 - 12:46 PM (IST)

ਵਾਸ਼ਿੰਗਟਨ (ਬਿਊਰੋ)— ਜਹਾਜ਼ ਅੰਦਰ ਮਹਿਲਾ ਸਾਥੀ 'ਤੇ ਜਿਨਸੀ ਹਮਲਾ ਕਰਨ ਦੇ ਦੋਸ਼ੀ ਤਾਮਿਲਨਾਡੂ ਦੇ ਰਹਿਣ ਵਾਲੇ ਭਾਰਤੀ ਪੇਸ਼ੇਵਰ ਨੂੰ ਵੀਰਵਾਰ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਦੇ ਫੈਸਲੇ ਮੁਤਾਬਕ ਐੱਚ-1ਬੀ ਵੀਜ਼ਾ 'ਤੇ ਸਾਲ 2015 ਵਿਚ ਅਮਰੀਕਾ ਆਏ 35 ਸਾਲਾ ਪ੍ਰਭੂ ਰਾਮਮੂਰਤੀ ਨੂੰ ਸਜ਼ਾ ਖਤਮ ਹੋਣ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਡੇਟ੍ਰਾਈਟ ਦੀ ਫੈਡਰਲ ਅਦਾਲਤ ਨੇ ਕਿਹਾ ਕਿ ਉਸ ਨੇ ਭਾਰਤੀ ਨਾਗਰਿਕ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਟੇਰੇਂਸ ਬਰਜ ਨੇ ਆਸ ਜ਼ਾਹਰ ਕੀਤੀ ਹੈ ਕਿ ਇਹ ਫੈਸਲਾ ਹੋਰ ਲੋਕਾਂ ਨੂੰ ਅਜਿਹਾ ਅਪਰਾਧ ਕਰਨ ਤੋਂ ਰੋਕਣ ਲਈ ਕਾਫੀ ਹੋਵੇਗਾ।
ਫੈਡਰਲ ਵਕੀਲਾਂ ਨੇ ਰਾਮਮੂਰਤੀ ਨੂੰ 11 ਸਾਲ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਸਜ਼ਾ ਦਾ ਐਲਾਨ ਹੋਣ ਮਗਰੋਂ ਅਮਰੀਕੀ ਅਟਾਰਨੀ ਮੈਥਿਊ ਸ਼ਿੰਡਰ ਨੇ ਕਿਹਾ,''ਜਹਾਜ਼ਾਂ ਵਿਚ ਯਾਤਰਾ ਕਰਨ ਦੌਰਾਨ ਸਾਰਿਆਂ ਨੂੰ ਸੁਰੱਖਿਆ ਦਾ ਅਧਿਕਾਰ ਹੈ। ਅਸੀਂ ਕਿਸੇ ਦੇ ਵੀ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਕਮਜ਼ੋਰ ਹਾਲਤ ਵਾਲੇ ਪੀੜਤ ਦਾ ਫਾਇਦ ਚੁੱਕਣ। ਅਸੀਂ ਇਸ ਮਾਮਲੇ ਵਿਚ ਅੱਗੇ ਆਉਣ ਲਈ ਪੀੜਤਾ ਦੇ ਸਾਹਸ ਦੀ ਪ੍ਰਸ਼ੰਸਾ ਕਰਦੇ ਹਾਂ।'' ਰਾਮਮੂਰਤੀ ਨੂੰ ਇਸ ਮਾਮਲੇ ਵਿਚ ਅਗਸਤ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਜਿਊਰੀ ਨੇ ਦੋਸ਼ੀ ਨੂੰ ਸਜ਼ਾ ਦੇਣ ਦਾ ਫੈਸਲਾ ਸੁਨਾਉਣ ਤੋਂ ਪਹਿਲਾਂ ਤਿੰਨ ਘੰਟੇ ਤੱਕ ਵਿਚਾਰ ਵਟਾਂਦਰਾ ਕੀਤਾ।