ਅਮਰੀਕਾ ਨੇ 6 ਪਾਕਿਸਤਾਨੀ ਨਾਗਰਿਕਾਂ ਅਤੇ 4 ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾਇਆ
Saturday, Apr 17, 2021 - 10:00 AM (IST)
ਵਾਸ਼ਿੰਗਟਨ : ਅਮਰੀਕਾ ਨੇ ਰੂਸੀ ਕੰਪਨੀਆਂ ਨੂੰ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਪਾਬੰਦੀਆਂ ਤੋਂ ਬਚਾਉਣ ਦੇ ਦੋਸ਼ ਵਿਚ 6 ਪਾਕਿਸਤਾਨੀ ਨਾਗਰਿਕਾਂ ਅਤੇ ਉਨ੍ਹਾਂ ਦੀਆਂ 4 ਕੰਪਨੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਬਾਅਦ ਮਾਸਕੋ ’ਤੇ ਪਾਬੰਦੀਆਂ ਲਗਾਈਆਂ ਸਨ। ਅਮਰੀਕੀ ਖ਼ਜ਼ਾਨਾ ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ‘ਸੈਕੰਡ ਆਈ ਸਲਿਊਸ਼ਨ’ (ਐਸ.ਈ.ਐਸ.) ਜਿਸ ਨੂੰ ‘ਫੋਰਵਰਡ੍ਰੇਜ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ 3 ਹੋਰ ਕੰਪਨੀਆਂ ਫ੍ਰੇਸ ਏਅਰ ਫਾਰਮ ਹਾਊਸ, ਲਾਈਕ ਵਾਈਸ ਅਤੇ ਐਮ.ਕੇ. ਨਾਲ ਪ੍ਰਤੀਬੰਧਿਤ ਕੀਤਾ ਜਾਂਦਾ ਹੈ।
ਬਿਆਨ ਵਿਚ ਕਿਹਾ ਗਿਆ ਕਿ ਇਸ ਦੇ ਇਲਾਵਾ ਪਾਕਿਸਤਾਨ ਨਾਗਰਿਕ ਮੋਹਸਿਨ ਰਜਾ, ਮੁਜਤਾਬ ਰਜਾ, ਸਯਦ ਹਸਨੈਨ, ਮੁਹੰਮਦ ਹਿਆਤ, ਸਯਦ ਰਜਾ ਅਤੇ ਸ਼ਹਿਜਾਦ ਅਹਿਮਦ ’ਤੇ ਵੀ ਪਾਬੰਦੀ ਲਗਾਈ ਜਾਂਦੀ ਹੈ। ਅਮਰੀਕੀ ਵਿੱਤ ਮੰਤਰੀ ਜੇਨੇਅ ਐਲ ਏਲੇਨ ਨੇ ਕਿਹਾ, ‘ਵਿੱਤ ਵਿਭਾਗ ਉਨ੍ਹਾਂ ਰੂਸੀ ਨੇਤਾਵਾਂ, ਅਧਿਕਾਰੀਆਂ, ਖ਼ੁਫੀਆ ਸੇਵਾਵਾਂ ਨੂੰ ਨਿਸ਼ਾਨਾ ਬਣਾਏਗਾ ਜਿਨ੍ਹਾਂ ਨੇ ਅਮਰੀਕੀ ਚੋਣ ਪ੍ਰਕਿਰਿਆ ਵਿਚ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਜਾਂ ਅਮਰੀਕੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ।’