ਕ੍ਰਿਸਮਸ ਮੌਕੇ ਅਮਰੀਕਾ ਨੇ ਕਰ''ਤੀ Airstrike ! ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
Friday, Dec 26, 2025 - 09:04 AM (IST)
ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਨਾਈਜੀਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ 'ਤੇ ਫੌਜ ਨੇ ISIS ਦੇ ਅੱਤਵਾਦੀ ਟਿਕਾਣਿਆਂ 'ਤੇ ਵੱਡੀ ਏਅਰਸਟ੍ਰਾਈਕ ਕੀਤੀ ਹੈ। ਇਹ ਸ੍ਰਾਈਕ ਉੱਥੇ ਈਸਾਈਆਂ 'ਤੇ ਹੋ ਰਹੀ ਤਸ਼ੱਦਦ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਵਜੋਂ ਕੀਤੀ ਗਈ ਹੈ। ਇਹ ਹਮਲੇ ਕ੍ਰਿਸਮਸ ਦੀ ਰਾਤ ਨੂੰ ਨਾਈਜੀਰੀਆ ਦੇ ਉੱਤਰ-ਪੱਛਮੀ ਖੇਤਰ ਵਿੱਚ ਕੀਤੇ ਗਏ ਸਨ।
ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਕਾਰਵਾਈ ਉਨ੍ਹਾਂ ਅੱਤਵਾਦੀਆਂ ਦੇ ਖ਼ਿਲਾਫ਼ ਹੈ ਜੋ ਸਾਲਾਂ ਤੋਂ ਨਿਰਦੋਸ਼ ਈਸਾਈਆਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾ ਰਹੇ ਸਨ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਸਾਈਆਂ ਦਾ ਕਤਲੇਆਮ ਨਾ ਰੁਕਿਆ, ਤਾਂ ਇਸ ਦੇ ਨਤੀਜੇ ਗੰਭੀਰ ਨਿਕਲਣਗੇ।
ਅਮਰੀਕੀ ਅਫਰੀਕਾ ਕਮਾਂਡ ਨੇ ਪੁਸ਼ਟੀ ਕੀਤੀ ਕਿ ਇਹ ਹਮਲੇ ਸੋਕੋਟੋ (Sokoto) ਸੂਬੇ 'ਚ ਨਾਈਜੀਰੀਆ ਦੀ ਸਰਕਾਰ ਦੀ ਬੇਨਤੀ ਅਤੇ ਸਹਿਮਤੀ ਨਾਲ ਕੀਤੇ ਗਏ ਸਨ। ਨਾਈਜੀਰੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਇਹ ਸਹਿਯੋਗ ਖੁਫੀਆ ਜਾਣਕਾਰੀ ਅਤੇ ਰਣਨੀਤਕ ਤਾਲਮੇਲ ਦਾ ਹਿੱਸਾ ਸੀ।
ਟਰੰਪ ਨੇ ਪਿਛਲੇ ਮਹੀਨੇ ਹੀ ਪੈਂਟਾਗਨ ਨੂੰ ਨਾਈਜੀਰੀਆ ਵਿੱਚ ਸੰਭਾਵੀ ਫੌਜੀ ਕਾਰਵਾਈ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਅਮਰੀਕਾ ਨੇ ਹਾਲ ਹੀ ਵਿੱਚ ਨਾਈਜੀਰੀਆ ਨੂੰ "ਵਿਸ਼ੇਸ਼ ਚਿੰਤਾ ਵਾਲਾ ਦੇਸ਼" ਐਲਾਨਿਆ ਹੈ ਅਤੇ ਈਸਾਈਆਂ ਵਿਰੁੱਧ ਹਿੰਸਾ ਵਿੱਚ ਸ਼ਾਮਲ ਲੋਕਾਂ ਲਈ ਵੀਜ਼ਾ ਪਾਬੰਦੀਆਂ ਦਾ ਐਲਾਨ ਵੀ ਕੀਤਾ ਹੈ।
ਨਾਈਜੀਰੀਆ ਦੀ 22 ਕਰੋੜ ਦੇ ਕਰੀਬ ਆਬਾਦੀ ਈਸਾਈਆਂ ਅਤੇ ਮੁਸਲਮਾਨਾਂ ਵਿੱਚ ਲਗਭਗ ਬਰਾਬਰ ਵੰਡੀ ਹੋਈ ਹੈ। ਹਾਲਾਂਕਿ ਅਮਰੀਕਾ ਨੇ ਈਸਾਈਆਂ ਦੀ ਸੁਰੱਖਿਆ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਪਰ ਨਾਈਜੀਰੀਆਈ ਸਰਕਾਰ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਹਮਲਿਆਂ ਅਤੇ ਜਾਤੀ ਹਿੰਸਾ ਦਾ ਸ਼ਿਕਾਰ ਦੋਵੇਂ ਭਾਈਚਾਰੇ ਹੁੰਦੇ ਹਨ।
ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰੀਕੀ ਫੌਜ ਹਮੇਸ਼ਾ ਤਿਆਰ ਹੈ ਅਤੇ ਅੱਗੇ ਹੋਰ ਵੀ ਕਾਰਵਾਈਆਂ ਹੋ ਸਕਦੀਆਂ ਹਨ। ਨਾਈਜੀਰੀਆ ਵਿੱਚ ਇਹ ਸੁਰੱਖਿਆ ਚੁਣੌਤੀਆਂ ਸਿਰਫ਼ ਧਾਰਮਿਕ ਨਹੀਂ ਹਨ, ਸਗੋਂ ਇਨ੍ਹਾਂ ਵਿੱਚ ਸਰੋਤਾਂ ਦੀ ਕਮੀ ਕਾਰਨ ਕਿਸਾਨਾਂ ਅਤੇ ਚਰਵਾਹਿਆਂ ਵਿਚਕਾਰ ਟਕਰਾਅ ਅਤੇ ਜਾਤੀ ਦੁਸ਼ਮਣੀਆਂ ਵਰਗੇ ਕਈ ਹੋਰ ਕਾਰਨ ਵੀ ਸ਼ਾਮਲ ਹਨ।
