ਚੀਨ ਦੇ ਵੀਟੋ ਕਾਰਨ ਭਾਰਤ ਕੋਲ ਐੱਨ.ਐੱਸ.ਜੀ. ਦੀ ਮੈਂਬਰਸ਼ਿਪ ਨਹੀਂ : ਅਮਰੀਕਾ

Friday, Sep 14, 2018 - 05:18 PM (IST)

ਚੀਨ ਦੇ ਵੀਟੋ ਕਾਰਨ ਭਾਰਤ ਕੋਲ ਐੱਨ.ਐੱਸ.ਜੀ. ਦੀ ਮੈਂਬਰਸ਼ਿਪ ਨਹੀਂ : ਅਮਰੀਕਾ

ਵਾਸ਼ਿੰਗਟਨ(ਏਜੰਸੀ)— ਅਮਰੀਕਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਚੀਨ ਦੇ ਵੀਟੋ ਕਾਰਨ ਭਾਰਤ ਪ੍ਰਮਾਣੂ ਸਪਲਾਈਕਰਤਾ ਸਮੂਹ (ਐੱਨ.ਐੱਸ.ਜੀ.) ਦੀ ਮੈਂਬਰਸ਼ਿਪ ਹਾਸਲ ਨਹੀਂ ਕਰ ਸਕਿਆ ਜਦ ਕਿ ਭਾਰਤ ਕੋਲ ਐੱਨ.ਐੱਸ.ਜੀ. ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਸਨ। ਟਰੰਪ ਪ੍ਰਸ਼ਾਸਨ ਨੇ ਸਾਫ ਕਿਹਾ ਕਿ ਅਮਰੀਕਾ ਇਸ ਸਮੂਹ 'ਚ ਭਾਰਤ ਦੀ ਮੈਂਬਰਸ਼ਿਪ ਲਈ ਵਕਾਲਤ ਕਰਦਾ ਰਹੇਗਾ। 

ਤੁਹਾਨੂੰ ਦੱਸ ਦਈਏ ਕਿ ਭਾਰਤ 48 ਮੈਂਬਰੀ ਇਸ ਪ੍ਰਮਾਣੂ ਸਮੂਹ 'ਚ ਸਥਾਨ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਚੀਨ ਲਗਾਤਾਰ ਉਸ ਦੀ ਰਾਹ 'ਚ ਰੋੜੇ ਅਟਕਾਉਂਦਾ ਰਿਹਾ ਹੈ। ਇਹ ਸਮੂਹ ਪ੍ਰਮਾਣੂ ਵਪਾਰ ਨੂੰ ਕੰਟਰੋਲ ਕਰਦਾ ਹੈ। ਭਾਰਤ ਨੂੰ ਅਮਰੀਕਾ ਅਤੇ ਇਸ ਸਮੂਹ ਦੇ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਪਰ ਚੀਨ ਇਸ ਗੱਲ 'ਤੇ ਕਾਇਮ ਹੈ ਕਿ ਨਵੇਂ ਮੈਂਬਰ ਨੂੰ ਪ੍ਰਮਾਣੂ ਅਪ੍ਰਸਾਰ ਸੰਧੀ 'ਤੇ ਦਸਤਖਤ ਕਰਨੇ ਚਾਹੀਦੇ ਹਨ ਜਿਸ ਨਾਲ ਇਸ ਸਮੂਹ 'ਚ ਭਾਰਤ ਦਾ ਦਾਖਲ ਹੋਣਾ ਸੰਭਵ ਹੋ ਗਿਆ ਹੈ।

ਦੱਖਣੀ ਅਤੇ ਮੱਧ ਏਸ਼ੀਆ ਲਈ ਉਪ ਵਿਦੇਸ਼ ਮੰਤਰੀ ਐਲਿਸ ਵੇਲਜ਼ ਨੇ ਕਿਹਾ ਕਿ ਐੱਨ.ਐੱਸ.ਜੀ. ਸਮੂਹ ਆਮ ਸਹਿਮਤੀ 'ਤੇ ਆਧਾਰਿਤ ਸੰਗਠਨ ਹੈ। ਚੀਨ ਦੇ ਵਿਰੋਧ ਕਾਰਨ ਭਾਰਤ ਇਸ ਦੀ ਮੈਂਬਰਸ਼ਿਪ ਹਾਸਲ ਨਹੀਂ ਕਰ ਪਾ ਰਿਹਾ । ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਾਡਾ ਵਿਚਾਰ ਹੈ ਕਿ ਚੀਨ ਦੇ ਵੀਟੋ ਕਾਰਨ ਅਸੀਂ ਭਾਰਤ ਨਾਲ ਆਪਣੇ ਸਹਿਯੋਗ ਨੂੰ ਸੀਮਤ ਨਹੀਂ ਕਰਾਂਗੇ। ਨਿਸ਼ਚਿਤ ਤੌਰ 'ਤੇ ਅਸੀਂ ਐੱਸ.ਟੀ.ਏ. ਦੇ ਦਰਜੇ ਨਾਲ ਅੱਗੇ ਵਧੇ ਹਾਂ ਅਤੇ ਅਸੀਂ ਮੰਨਦੇ ਹਾਂ ਕਿ ਭਾਰਤ ਐੱਨ.ਐੱਸ.ਜੀ. ਦੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਹੈ ਅਤੇ ਅਸੀਂ ਭਾਰਤ ਦੀ ਮੈਂਬਰਸ਼ਿਪ ਦੀ ਵਕਾਲਤ ਕਰਦੇ ਰਹਾਂਗੇ।


Related News