ਅਮਰੀਕਾ ਦੁਨੀਆ ਦੀ ਪਹਿਰੇਦਾਰੀ ਦਾ ਠੇਕਾ ਨਹੀਂ ਲੈ ਸਕਦਾ : ਟਰੰਪ
Thursday, Dec 27, 2018 - 12:28 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਕਿਹਾ ਕਿ ਅਮਰੀਕਾ ਦੁਨੀਆ ਦੀ ਪਹਿਰੇਦਾਰੀ ਦਾ ਠੇਕਾ ਨਹੀਂ ਲੈ ਸਕਦਾ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਜ਼ਿੰਮੇਵਾਰੀਆਂ ਵੰਡਣ ਲਈ ਕਿਹਾ। ਇਰਾਕ ਵਿਚ ਤਾਇਨਾਤ ਅਮਰੀਕੀ ਫੌਜੀਆਂ ਨੂੰ ਅਚਾਨਕ ਮਿਲਣ ਪਹੁੰਚੇ ਟਰੰਪ ਨੇ ਯੁੱਧਪੀੜਤ ਸੀਰੀਆ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਦਾ ਬਚਾਅ ਕੀਤਾ ਅਤੇ ਕਿਹਾ ਕਿ ਇਸ ਵਿਚ ਕੋਈ ਦੇਰੀ ਨਹੀਂ ਹੋਵੇਗੀ। ਅਮਰੀਕੀ ਫੌਜੀਆਂ ਨੂੰ ਸੰਬੋਧਿਤ ਕਰਨ ਮਗਰੋਂ ਟਰੰਪ ਨੇ ਬਗਦਾਦ ਦੇ ਪੱਛਮ ਵਿਚ ਸਥਿਤ ਏਅਰ ਬੇਸ ਪੱਤਰਕਾਰਾਂ ਨੂੰ ਕਿਹਾ,''ਅਮਰੀਕਾ ਲਗਾਤਾਰ ਦੁਨੀਆ ਦੀ ਪਹਿਰੇਦਾਰੀ ਦਾ ਠੇਕਾ ਨਹੀਂ ਲੈ ਸਕਦਾ।''
ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਟਰੰਪ ਦੀ ਇਹ ਪਹਿਲੀ ਇਰਾਕ ਯਾਤਰਾ ਹੈ। ਉਹ ਪ੍ਰਥਮ ਮਹਿਲਾ ਮੇਲਾਨੀਆ ਨਾਲ ਇਰਾਕ ਦੇ ਅਚਾਨਕ ਦੌਰੇ 'ਤੇ ਪਹੁੰਚੇ ਸਨ। ਟਰੰਪ ਨੇ ਕਿਹਾ ਕਿ ਜੇ ਅਮਰੀਕਾ 'ਤੇ ਕੋਈ ਹੋਰ ਅੱਤਵਾਦੀ ਹਮਲਾ ਹੋਇਆ ਤਾਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਫੌਜੀਆਂ ਨੂੰ ਕਿਹਾ,''ਜੇ ਕੁਝ ਵੀ ਹੁੰਦਾ ਹੈ ਤਾਂ ਜ਼ਿੰਮੇਵਾਰ ਲੋਕਾਂ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ ਜੇ ਕਦੋ ਕਿਸੇ ਨੇ ਨਹੀਂ ਭੁਗਤੇ ਹੋਣਗੇ।'' ਉਨ੍ਹਾਂ ਨੇ ਸੀਰੀਆ ਵਿਚੋਂ ਆਪਣੇ ਫੌਜੀ ਵਾਪਸ ਬੁਲਾਉਣ ਅਤੇ ਬਾਕੀ ਖੇਤਰੀ ਦੇਸ਼ਾਂ ਖਾਸ ਕਰ ਕੇ ਤੁਰਕੀ 'ਤੇ ਆਈ.ਐੱਸ.ਆਈ.ਐੱਸ. ਵਿਰੁੱਧ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਛੱਡਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ,''ਇਹ ਠੀਕ ਨਹੀਂ ਹੈ ਕਿ ਸਾਰਾ ਭਾਰ ਸਾਡੇ 'ਤੇ ਪਾ ਦਿੱਤਾ ਜਾਵੇ।''
ਟਰੰਪ ਨੇ ਬੀਤੇ ਹਫਤੇ ਵਿਸ਼ਵ ਅਤੇ ਆਪਣੇ ਦੇਸ਼ ਨੂੰ ਹੈਰਾਨ ਕਰਦਿਆਂ ਅਚਾਨਕ ਐਲਾਨ ਕੀਤਾ ਸੀ ਕਿ ਅਮਰੀਕਾ, ਸੀਰੀਆ ਤੋਂ ਆਪਣੇ ਫੌਜੀ ਵਾਪਸ ਬੁਲਾ ਰਿਹਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਹੁਣ ਸੀਰੀਆ ਵਿਚ ਅਮਰੀਕੀ ਫੌਜੀਆਂ ਦੀ ਲੋੜ ਨਹੀਂ ਹੈ ਕਿਉਂਕਿ ਆਈ.ਐੱਸ.ਆਈ.ਐੱਸ. ਨੂੰ ਹਰਾ ਦਿੱਤਾ ਗਿਆ ਹੈ।