ਅਮਰੀਕਾ ''ਚ ਘੱਟ ਹੋਵੇਗਾ ਕੋਰੋਨਾ ਕਾਰਨ ਇਕਾਂਤਵਾਸ ਹੋਣ ਦਾ ਸਮਾਂ

Thursday, Dec 03, 2020 - 08:02 AM (IST)

ਅਮਰੀਕਾ ''ਚ ਘੱਟ ਹੋਵੇਗਾ ਕੋਰੋਨਾ ਕਾਰਨ ਇਕਾਂਤਵਾਸ ਹੋਣ ਦਾ ਸਮਾਂ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੀੜਤ ਦੇ ਸੰਪਰਕ ਵਿਚ ਆਏ ਲੋਕਾਂ ਲਈ ਇਕਾਂਤਵਾਸ ਹੋਣਾ ਬਹੁਤ ਮਹੱਤਵਪੂਰਨ ਹੈ। ਆਮ ਤੌਰ 'ਤੇ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਰੱਖਿਆ ਜਾਂਦਾ ਹੈ। ਇਸ ਸਮੇਂ ਅਮਰੀਕਾ ਵਿਚ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਲੱਗ ਹੋਣ ਵਾਲੇ ਦਿਨਾਂ ਦੀ ਗਿਣਤੀ ਨੂੰ 14 ਦਿਨਾਂ ਤੋਂ ਘਟਾ ਕੇ 7 ਤੋਂ 10 ਦਿਨ ਕਰ ਰਿਹਾ ਹੈ। 

ਸੀ.ਡੀ.ਸੀ ਦੇ ਡਾਇਰੈਕਟਰ ਡਾ. ਰਾਬਰਟ ਰੈਡਫੀਲਡ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਬੈਠਕ ਦੌਰਾਨ ਇਹ ਐਲਾਨ ਕੀਤਾ ਹੈ। ਡਾ. ਰੈਡਫੀਲਡ ਨੇ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਟਾਸਕ ਫੋਰਸ ਨੂੰ ਦੱਸਿਆ ਕਿ ਸੀ. ਡੀ. ਸੀ. ਕਿਸੇ ਵਿਅਕਤੀ ਦੇ ਕੋਵਿਡ-19 ਨਾਲ ਪੀੜਤ ਵਿਅਕਤੀ ਦੇ ਨਾਲ ਸੰਪਰਕ ਵਿਚ ਆਉਣ 'ਤੇ ਇਕਾਂਤਵਾਸ ਹੋਣ ਵਾਲੇ ਦਿਨਾਂ ਦੀ ਗਿਣਤੀ ਘਟਾਉਣ ਬਾਰੇ ਜਲਦੀ ਹੀ ਨਵੇਂ ਨਿਰਦੇਸ਼ ਜਾਰੀ ਕਰੇਗਾ। ਇਹਨਾਂ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਵਾਇਰਸ ਪੀੜਤ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਲਈ 7 ਤੋਂ 10 ਦਿਨਾਂ ਲਈ ਅਲੱਗ ਰਹਿਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜਿਹੜੀ ਕਿ 14 ਦਿਨਾਂ ਤੋਂ ਘੱਟ ਹੈ। 

ਇਹ ਵੀ ਪੜ੍ਹੋ- ਕਿਸਾਨਾਂ ਦੇ ਸਮਰਥਨ 'ਚ ਟਰਾਂਸਪੋਰਟਰਾਂ ਦੀ 8 ਨੂੰ ਸਪਲਾਈ ਰੋਕਣ ਦੀ ਧਮਕੀ

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਇਰਸ ਦੇ ਸੰਪਰਕ ਵਿਚ ਆਇਆ ਵਿਅਕਤੀ ਆਪਣੇ ਇਕਾਂਤਵਾਸ ਸਮੇਂ ਨੂੰ 7 ਦਿਨਾਂ ਬਾਅਦ ਇਕ ਨੈਗੇਟਿਵ ਕੋਵਿਡ-19 ਟੈਸਟ ਨਾਲ ਜਾਂ ਬਿਨਾਂ ਕਿਸੇ ਟੈਸਟ ਦੇ 10 ਦਿਨਾਂ ਤੋਂ ਬਾਅਦ ਖਤਮ ਕਰ ਸਕਦਾ ਹੈ। ਸੀ.ਡੀ.ਸੀ. ਅਧਿਕਾਰੀ ਅਨੁਸਾਰ, ਉਪ ਰਾਸ਼ਟਰਪਤੀ ਪਿਛਲੇ ਕਈ ਮਹੀਨਿਆਂ ਤੋਂ ਸੀ. ਡੀ. ਸੀ. ਵੱਲੋਂ ਇਸ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਮੁੜ ਜਾਂਚ ਕਰਨ ਲਈ ਜ਼ੋਰ ਪਾ ਰਹੇ ਸਨ। ਜਦਕਿ ਸਿਹਤ ਅਧਿਕਾਰੀ ਵਾਇਰਸ ਦੇ ਮਾਮਲੇ ਵਿਚ ਸੰਭਾਵਤ ਟੀਕੇ ਦੇ ਬਾਵਜੂਦ ਵੀ ਮਾਸਕ, ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀਆਂ ਦੀ ਮਹੱਤਤਾ 'ਤੇ ਜ਼ੋਰ ਦੇ ਰਹੇ ਹਨ।

ਨੋਟ- ਤੁਹਾਨੂੰ ਕੀ ਲੱਗਦਾ ਹੈ ਕਿ ਇਕਾਂਤਵਾਸ ਦੇ ਦਿਨ ਘਟਾਉਣ ਦਾ ਫੈਸਲਾ ਸਹੀ ਹੈ ਜਾਂ ਗਲਤ? ਕੁਮੈਂਟ ਕਰਕੇ ਦੱਸੋ ਆਪਣੀ ਰਾਇ
 


author

Lalita Mam

Content Editor

Related News