ਅਮਰੀਕਾ : ਦੂਜੇ ਵਿਸ਼ਵ ਯੁੱਧ ਦੇ 104 ਸਾਲਾ ਸਾਬਕਾ ਫ਼ੌਜੀ ਨੇ ਦਿੱਤੀ ਕੋਰੋਨਾ ਨੂੰ ਮਾਤ
Tuesday, Dec 08, 2020 - 11:29 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਜੇਕਰ ਵਿਅਕਤੀ ਦਾ ਕਿਸੇ ਕੰਮ ਪ੍ਰਤੀ ਦ੍ਰਿੜ ਇਰਾਦਾ ਅਤੇ ਯਕੀਨ ਹੋਵੇ ਤਾਂ ਉਮਰ ਦੇ ਹਰ ਪੜਾਅ ਵਿਚ ਕਿਸੇ ਵੀ ਖੇਤਰ 'ਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਅਜਿਹੀ ਹੀ ਇਕ ਮਿਸਾਲ ਅਲਾਬਾਮਾ ਦੇ 104 ਸਾਲਾ ਸਾਬਕਾ ਫ਼ੌਜੀ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਕਾਇਮ ਕੀਤੀ ਹੈ। ਪਿਛਲੇ ਹਫ਼ਤੇ ਹਸਪਤਾਲ ਦਾਖ਼ਲ ਹੋਏ ਅਤੇ ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਇਸ ਵਿਅਕਤੀ ਨੂੰ ਆਪਣਾ 104ਵਾਂ ਜਨਮ ਦਿਨ ਮਨਾਉਣ ਲਈ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਦੂਜੇ ਵਿਸ਼ਵ ਯੁੱਧ ਦੇ ਬਜ਼ੁਰਗ ਮੇਜਰ ਲੀ ਵੂਟਨ ਪਿਛਲੇ ਹਫਤੇ ਮੈਡੀਸਨ, ਅਲਾਬਮਾ ਵਿਚ ਇਸ ਵਾਇਰਸ ਤੋਂ ਠੀਕ ਹੋਏ ਹਨ। ਮੈਡੀਸਨ ਹਸਪਤਾਲ ਦੇ ਸਟਾਫ਼ ਨੇ ਉਸ ਨੂੰ ਵਿਸ਼ੇਸ਼ ਤਰੀਕੇ ਨਾਲ ਉਨ੍ਹਾਂ ਦੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਛੁੱਟੀ ਦਿੱਤੀ ਹੈ।
ਇਸ ਦੌਰਾਨ ਇਸ ਬਜ਼ੁਰਗ ਫ਼ੌਜੀ ਦਾ ਹੌਸਲਾ ਵਧਾਉਣ ਲਈ ਸਿਹਤ ਕਰਮਚਾਰੀਆਂ ਨੇ ਕਤਾਰ ਵਿਚ ਖੜ੍ਹੇ ਹੋ ਕੇ "ਹੈਪੀ ਬਰਥਡੇ" ਦੇ ਗੀਤ ਗਾਏ ਅਤੇ ਵੂਟਨ ਦੀ ਪ੍ਰਸ਼ੰਸਾ ਵੀ ਕੀਤੀ।
ਇਹ ਵੀ ਪੜ੍ਹੋ- ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਭਾਰਤ ਰਹੇਗਾ ਬੰਦ, ਬੱਸ ਸੇਵਾਵਾਂ ਠੱਪ
ਜਾਣਕਾਰੀ ਅਨੁਸਾਰ, ਵੂਟੇਨ ਨੇ ਵਿਦੇਸ਼ਾਂ ਵਿਚ ਕਈ ਸਾਲਾਂ ਲਈ ਅਮਰੀਕਾ ਦੀ ਫ਼ੌਜ ਵਿਚ ਸੇਵਾ ਕੀਤੀ ਹੈ,ਜਿਸ ਦੌਰਾਨ ਉਸ ਨੇ ਰੇਲ ਰੋਡ ਬਣਾਏ ਅਤੇ 1940 ਦੇ ਦਹਾਕੇ ਵਿਚ ਪੈਰਿਸ 'ਚ ਰੇਲ ਕਾਰਾਂ 'ਤੇ ਵੀ ਕੰਮ ਕੀਤਾ ਹੈ। ਉਮਰ ਦੇ ਇਸ ਪੜਾਅ ਵਿਚ ਵੀ ਇਸ ਬੀਮਾਰੀ ਨੂੰ ਹਰਾ ਕੇ ਇਹ ਬਜ਼ੁਰਗ ਹੋਰਾਂ ਲਈ ਪ੍ਰੇਰਨਾ ਸਰੋਤ ਹੈ।