ਅਮਰੀਕਾ ਨੇ ਸ਼ਿਨਜਿਆਂਗ ਦੇ ਅੱਤਵਾਦੀ ਸੰਗਠਨ ਨੂੰ ਅੱਤਵਾਦੀ ਸੂਚੀ ''ਚੋਂ ਹਟਾਇਆ, ਭੜਕਿਆ ਚੀਨ
Saturday, Nov 07, 2020 - 02:08 PM (IST)
ਬੀਜਿੰਗ- ਚੀਨ ਦੇ ਸ਼ਿਨਜਿਆਂਗ ਦੇ ਵੱਖਵਾਦੀ ਕੱਟੜਪੰਥੀ ਸੰਗਠਨ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ. ਟੀ. ਆਈ. ਐੱਮ.) ਨੂੰ ਅੱਤਵਾਦੀ ਸੰਗਠਨਾਂ ਦੀ ਆਪਣੀ ਸੂਚੀ ਵਿਚੋਂ ਹਟਾ ਦਿੱਤਾ ਹੈ। ਅਮਰੀਕਾ ਦੇ ਇਸ ਫੈਸਲੇ 'ਤੇ ਚੀਨ ਨੇ ਸਖਤ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਵਿਸ਼ਵ ਅੱਤਵਾਦ ਖ਼ਿਲਾਫ਼ ਲੜਾਈ ਵਿਚ ਅਮਰੀਕਾ ਦਾ ਦੋਹਰਾ ਰੂਪ ਉਜਾਗਰ ਹੋਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ 5 ਨਵੰਬਰ ਨੂੰ ਈ. ਟੀ. ਆਈ. ਐੱਮ. 'ਤੇ ਪਾਬੰਦੀ ਨੂੰ ਹਟਾ ਲਿਆ ਸੀ।
ਇਸ ਸੰਗਠਨ ਨੂੰ ਅਲ ਕਾਇਦਾ, ਓਸਾਮਾ ਬਿਨ ਲਾਦੇਨ ਅਤੇ ਤਾਲਿਬਾਨ ਨਾਲ ਜੋੜਨ ਲਈ ਯੂ. ਐੱਨ. ਦੀ 1267 ਅੱਤਵਾਦ ਰੋਕੂ ਕਮੇਟੀ ਨੇ 2002 ਵਿਚ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ। ਚੀਨ ਦਾ ਦੋਸ਼ ਹੈ ਕਿ ਉਈਗਰ ਮੁਸਲਿਮ ਬਹੁਲ ਸ਼ਿਨਜਿਆਂਗ ਸੂਬੇ ਵਿਚ ਕਿਰਿਆਸ਼ੀਲ ਇਹ ਸੰਗਠਨ ਸੂਬੇ ਵਿਚ ਅੰਦਰ ਤੇ ਬਾਹਰ ਕਈ ਹਿੰਸਕ ਹਮਲਿਆਂ ਤੇ ਕਤਲਾਂ ਦਾ ਜ਼ਿੰਮੇਵਾਰ ਹੈ।
ਅਮਰੀਕਾ ਨੇ ਉਈਗਰ ਮੁਸਲਮਾਨਾਂ ਨਾਲ ਦੁਰਵਿਵਹਾਰ ਨੂੰ ਲੈ ਕੇ ਹਾਲ ਦੇ ਮਹੀਨਿਆਂ ਵਿਚ ਚੀਨ ਦੀ ਸਖ਼ਤ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਪਹਿਲਾਂ ਵੀ ਦੋਸ਼ ਲਾਇਆ ਸੀ ਕਿ ਅੱਤਵਾਦੀ ਸੰਗਠਨ ਈਸਟ ਤੁਰਕਿਸਤਾਨ ਇਸਲਾਮਕ ਮੂਵਮੈਂਟ ਗੁਆਂਢੀ ਦੇਸ਼ ਤੁਰਕੀ ਨਾਲ ਮਿਲ ਕੇ ਤੁਰਕ ਸੱਭਿਅਤਾ ਦੇ ਵਿਕਾਸ ਦੇ ਨਾਲ ਹੀ ਇਸਲਾਮੀ ਆਧਾਰ ਵੀ ਵਧਾਉਣਾ ਚਾਹੁੰਦਾ ਹੈ।