ਕੈਲੀਫੋਰਨੀਆ : 10 ਲੱਖ ਏਕੜ ਜ਼ਮੀਨ ''ਚ ਫੈਲੀ ਜੰਗਲੀ ਅੱਗ, 6 ਲੋਕਾਂ ਦੀ ਮੌਤ

08/24/2020 8:58:04 AM

ਸੈਨ ਫਰਾਂਸਿਸਕੋ, (ਭਾਸ਼ਾ)-ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਸਿਰਫ ਇਕ ਹਫਤੇ ਵਿਚ 10 ਲੱਖ ਏਕੜ ਤੱਕ ਫੈਲ ਚੁੱਕੀ ਹੈ ਅਤੇ ਹਜ਼ਾਰਾਂ ਘਰਾਂ ਨੂੰ ਤਬਾਹ ਕਰ ਚੁੱਕੀ ਹੈ, ਜਦੋਂਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਅੱਗ ਨੂੰ ਵਧਣੋਂ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

ਇਸ ਦੌਰਾਨ ਅੱਗ ਦੀ ਲਪੇਟ ਵਿਚ ਆਉਣ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਹਫਤੇ ਦੇ ਅਖੀਰ ਵਿਚ ਮੁੜ ਅੱਗ ਭੜਕਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ, ਜਿਸ ਨੇ ਸੂਬੇ ਦੇ ਫਾਇਰ ਕਰਮਚਾਰੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਬਹੁਤ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਪਰ ਅੱਗ ਨੂੰ ਅਜੇ ਤੱਕ ਰੋਕਿਆ ਨਹੀਂ ਜਾ ਸਕਿਆ।


ਇਸ ਐਮਰਜੈਂਸੀ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਸੰਘੀ ਸਹਾਇਤਾ ਪ੍ਰਦਾਨ ਕਰਨ ਲਈ ਵੱਡੀ ਆਫਤ ਦਾ ਐਲਾਨ ਕੀਤਾ। ਸੂਬੇ ਦੇ ਗਵਰਨਰ ਗੇਵਿਨ ਨਿਊਜ਼ਾਮ ਨੇ ਬਿਆਨ ਵਿਚ ਕਿਹਾ ਕਿ ਇਹ ਐਲਾਨ ਇਸ ਸੰਕਟ ਵੇਲੇ ਅੱਗ ਨਾਲ ਪ੍ਰਭਾਵਿਤ ਕਾਊਂਟੀ ਦੇ ਲੋਕਾਂ ਨੂੰ ਰਿਹਾਇਸ਼ ਤੇ ਹੋਰ ਸਮਾਜਿਕ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮਦਦ ਕਰੇਗਾ। ਨੈਸ਼ਨਲ ਵੈਦਰ ਸਰਵਿਸ ਨੇ ਐਤਵਾਰ ਸਵੇਰ ਤੋਂ ਸੋਮਵਾਰ ਦੁਪਹਿਰ ਤੱਕ ਖਾੜੀ ਖੇਤਰ ਤੇ ਸੈਂਟਰਲ ਕੋਸਟ ਨੇੜੇ ਹੋਰ ਭਿਆਨਕ ਅੱਗ ਲੱਗਣ ਦੇ ਖਤਰੇ ਦੀ ਚਿਤਾਵਨੀ ਜਾਰੀ ਕੀਤੀ ਹੈ।


Lalita Mam

Content Editor

Related News