''ਈਰਾਨ ਖਿਲਾਫ ਅਮਰੀਕੀ ਹਮਲੇ ''ਚ ਸ਼ਾਮਲ ਨਹੀਂ ਹੋਵੇਗਾ ਬ੍ਰਿਟੇਨ''

07/02/2019 12:32:30 PM

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਈਰਾਨ ਖਿਲਾਫ ਅਮਰੀਕੀ ਹਮਲੇ 'ਚ ਬ੍ਰਿਟੇਨ ਦੇ ਸ਼ਾਮਲ ਹੋਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਹੰਟ ਨੇ ਸੋਮਵਾਰ ਨੂੰ ਦੱਸਿਆ,''ਮੈਂ ਅਜਿਹੀ ਕਿਸੇ ਵੀ ਸਥਿਤੀ ਦੀ ਕਲਪਨਾ ਨਹੀਂ ਕਰ ਸਕਦਾ, ਜਦ ਅਸੀਂ ਇਸ ਦਾ (ਈਰਾਨ ਖਿਲਾਫ ਅਮਰੀਕੀ ਹਮਲੇ) ਹਿੱਸਾ ਹੋਵਾਂਗੇ ਕਿਉਂਕਿ ਅਸੀਂ ਕੌਮਾਂਤਰੀ ਪ੍ਰਮਾਣੂ ਸਮਝੌਤੇ ਅਤੇ ਅਮਰੀਕਾ ਵਲੋਂ ਲਗਾਈਆਂ ਗਈਆਂ ਰੋਕਾਂ 'ਤੇ ਇਕ ਵੱਖਰਾ ਰਵੱਈਆ ਅਪਣਾਇਆ ਹੈ।''

ਇਸ ਤੋਂ ਪਹਿਲਾਂ ਸੋਮਵਾਰ ਨੂੰ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਦੇ ਮਹਾ ਨਿਰਦੇਸ਼ਕ ਯੁਕੀਆ ਅਮਾਨੋ ਨੇ ਈਰਾਨ ਦੇ 300 ਕਿਲੋਗ੍ਰਾਮ ਦੀ ਯੂਰੇਨੀਅਮ ਦੀ ਪੁਸ਼ਟੀ ਕੀਤੀ ਸੀ। ਜ਼ਿਕਰਯੋਗ ਹੈ ਕਿ ਓਮਾਨ ਦੀ ਖਾੜੀ 'ਚ ਕੁਝ ਦਿਨ ਪਹਿਲਾਂ ਹੋਰਮੁਜ ਜਲਡਮਰੂਮਧਮ ਦੇ ਨੇੜੇ ਦੋ ਤੇਲ ਟੈਂਕਰਾਂ 'ਚ ਧਮਾਕੇ ਦੀ ਘਟਨਾ ਵਾਪਰੀ ਸੀ। ਇਸ ਮਗਰੋਂ ਈਰਾਨ ਵਲੋਂ ਅਮਰੀਕਾ ਦੇ ਖੁਫੀਆ ਡਰੋਨ ਨੂੰ ਢੇਰ ਕਰ ਦਿੱਤਾ ਗਿਆ ਸੀ ਤੇ ਦੋਹਾਂ ਵਿਚਕਾਰ ਤਣਾਅ ਬਹੁਤ ਵਧ ਗਿਆ ਹੈ। 

ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬ੍ਰਿਟੇਨ ਅਤੇ ਪ੍ਰਮਾਣੂ ਸਮਝੌਤੇ 'ਚ ਸ਼ਾਮਲ ਹੋਰ ਦੇਸ਼ ਉਸ ਨੂੰ ਅਮਰੀਕੀ ਰੋਕਾਂ ਤੋਂ ਨਹੀਂ ਬਚਾਉਂਦੇ ਹਨ ਤਾਂ ਉਹ ਆਪਣੇ ਯੂਰੇਨੀਅਮ ਦੀ ਸਮਰੱਥਾ ਹੋਰ ਵਧਾਵੇਗਾ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ,''ਅਸੀਂ ਇਸ ਸਮਝੌਤੇ ਨੂੰ ਬਚਾਉਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਈਰਾਨ ਕੋਲ ਪ੍ਰਮਾਣੂ ਹਥਿਆਰ ਹੋਵੇ ਪਰ ਜੇਕਰ ਈਰਾਨ ਇਸ ਸਮਝੌਤੇ ਨੂੰ ਤੋੜਦਾ ਹੈ ਤਾਂ ਅਸੀਂ ਵੀ ਇਸ ਤੋਂ ਬਾਹਰ ਹੋ ਜਾਵਾਂਗੇ।''

ਜ਼ਿਕਰਯੋਗ ਹੈ ਕਿ ਸਾਲ 2015 'ਚ ਈਰਾਨ ਨੇ ਅਮਰੀਕਾ, ਚੀਨ, ਰੂਸ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਸਮਝੌਤੇ ਤਹਿਤ ਈਰਾਨ ਨੇ ਉਸ 'ਤੇ ਲੱਗੀਆਂ ਆਰਥਿਕ ਰੋਕਾਂ ਨੂੰ ਹਟਾਉਣ ਬਦਲੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ 'ਤੇ ਸਹਿਮਤੀ ਪ੍ਰਗਟਾਈ ਸੀ।


Related News