ਪਤਨੀ ਨੂੰ 55 ਵਾਰ ਚਾਕੂ ਨਾਲ ਵਿੰਨ੍ਹਣ ਵਾਲੇ ਭਾਰਤੀ ਨੂੰ USA 'ਚ ਉਮਰ ਕੈਦ

Saturday, Mar 07, 2020 - 12:34 PM (IST)

ਵਾਸ਼ਿੰਗਟਨ, (ਰਾਜ ਗੋਗਨਾ )— ਅਮਰੀਕਾ ਦੇ ਸੂਬੇ ਮੈਰੀਲੈਂਡ 'ਚ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਅਮਿਤ ਕੁਮਾਰ ਨੂੰ ਅਮਰੀਕੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 40 ਸਾਲਾ ਅਮਿਤ ਕੁਮਾਰ ਨੇ ਜਨਵਰੀ 2019 ਵਿੱਚ ਆਪਣੀ ਪਤਨੀ ਅੰਕਿਤਾ ਵਰਮਾ ਦਾ ਕਤਲ ਕਰ ਦਿੱਤਾ ਸੀ। ਬਾਲਟੀਮੌਰ ਸਿਟੀ ਸਟੇਟ ਦੇ ਅਟਾਰਨੀ ਦੇ ਦਫ਼ਤਰ ਮੁਤਾਬਕ ਅਮਿਤ ਕੁਮਾਰ ਨੇ ਆਪਣੀ ਪਤਨੀ ਨੂੰ 55 ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਦੋਸ਼ ਹੈ ਕਿ ਅਮਿਤ ਕੁਮਾਰ ਨੇ ਪੁਲਸ ਹੱਥੋਂ ਬਚਣ ਲਈ ਕੈਨੇਡਾ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਪੁਲਸ ਨੇ ਉਸ ਨੂੰ ਵਾਟੰਡ ਠਹਿਰਾਉਂਦੇ ਹੋਏ ਪੋਸਟਰ ਜਾਰੀ ਕੀਤੇ ਸਨ। ਪੁਲਸ ਨੇ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਪਤਾ ਲੱਗੇ ਤਾਂ ਉਹ ਉਨ੍ਹਾਂ ਨੂੰ ਜਾਣਕਾਰੀ ਦੇਣ।

ਦੱਸਿਆ ਜਾ ਰਿਹਾ ਹੈ ਕਿ ਅੰਕਿਤਾ ਨੇ ਜਾਨ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਸੀ। ਉਸ ਨੇ ਆਪਣੇ-ਆਪ ਨੂੰ ਕਮਰੇ 'ਚ ਬੰਦ ਕਰ ਲਿਆ ਸੀ। ਦਰਵਾਜ਼ਾ ਨਾ ਖੁੱਲ੍ਹੇ ਇਸ ਲਈ ਉਸ ਨੇ ਇਕ ਮੇਜ਼ ਅਤੇ ਸੂਟਕੇਸ ਵੀ ਰੱਖ ਦਿੱਤਾ ਸੀ ਪਰ ਅਮਿਤ ਨੇ ਦਰਵਾਜ਼ਾ ਤੋੜਿਆ ਤੇ ਉਸ ਦਾ ਕਤਲ ਕਰ ਦਿੱਤਾ। ਉਸ ਨੇ ਇਕ ਜਾਂ ਦੋ ਵਾਰ ਨਹੀਂ ਸਗੋਂ 55 ਵਾਰ ਅੰਕਿਤਾ 'ਤੇ ਚਾਕੂ ਨਾਲ ਵਾਰ ਕੀਤੇ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦਰਵਾਜ਼ਾ ਕਬਜ਼ਿਆਂ ਤੋਂ ਟੁੱਟਾ ਹੋਇਆ ਸੀ। ਸੂਟਕੇਸ ਅਤੇ ਮੇਜ਼ 'ਤੇ ਵੀ ਖੂਨ ਲੱਗਾ ਹੋਇਆ ਸੀ ਤੇ ਫਰਸ਼ 'ਤੇ ਉਸ ਦੀ ਲਾਸ਼ ਡਿੱਗੀ ਹੋਈ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਅਮਿਤ ਨੇ ਕਿਸ ਦਰਿੰਦਗੀ ਨਾਲ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਕਿਤਾ ਆਪਣੀ ਜਾਨ ਬਚਾਉਣ ਲਈ ਤਰਲੇ ਕਰਦੀ ਰਹੀ। ਅਮਿਤ 'ਤੇ ਆਪਣੀ ਪਤਨੀ ਦੀ ਮੌਤ 'ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ।


Related News