ਅਮਰੀਕਾ : ਗ਼ਲਤੀ ਨਾਲ ਖਾਤੇ ’ਚ ਪਏ ਡਾਲਰਾਂ ਨਾਲ ਕੀਤੀ ਐਸ਼, ਔਰਤ ਗ੍ਰਿਫ਼ਤਾਰ
Tuesday, Apr 13, 2021 - 01:23 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਲੁਸਿਆਨਾ ਦੀ ਇੱਕ ਜਨਾਨੀ ਦੇ ਖਾਤੇ ’ਚ ਗ਼ਲਤੀ ਨਾਲ ਲੱਖਾਂ ਡਾਲਰ ਆ ਜਾਣ ’ਤੇ ਉਸ ਵੱਲੋਂ ਪੈਸੇ ਵਾਪਸ ਮੋੜਨ ਦੀ ਥਾਂ ਘਰ ਤੇ ਕਾਰ ਆਦਿ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲੁਸਿਆਨਾ ਦੀ ਇਕ ਔਰਤ, ਜਿਸ ਦੇ ਖਾਤੇ ’ਚ ਗਲਤੀ ਨਾਲ 82.56 ਡਾਲਰ ਦੀ ਬਜਾਏ 1.2 ਮਿਲੀਅਨ ਡਾਲਰ ਜਮ੍ਹਾ ਹੋ ਗਏ ਸਨ ਅਤੇ ਇਸ ਬੀਬੀ ਵੱਲੋਂ ਇਸ ਰਕਮ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ । ਇਸ 33 ਸਾਲਾ ਕੈਲਿਨ ਸਪੈਡੋਨੀ ਨਾਮੀ ਜਨਾਨੀ ਨੇ ਉਸ ’ਚੋਂ ਕੁਝ ਪੈਸੇ ਨਵਾਂ ਘਰ ਤੇ ਕਾਰ ਖਰੀਦਣ ਲਈ ਵਰਤ ਲਏ ।
ਇਸ ਸਬੰਧੀ ਹਾਰਵੇ ਨਿਵਾਸੀ ਸਪੈਡੋਨੀ ਨੂੰ 911 ਡਿਸਪੈਂਸਰ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ’ਤੇ ਚੋਰੀ, ਬੈਂਕ ਧੋਖਾਧੜੀ ਅਤੇ ਪੈਸਿਆਂ ਦੇ ਗੈਰ-ਕਾਨੂੰਨੀ ਸੰਚਾਰਨ ਦੇ ਦੋਸ਼ ਲਾਏ ਗਏ ਸਨ । ਫੈਡਰਲ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ ਸਪੈਡੋਨੀ ਨੇ ਚਾਰਲਸ ਸਵੈਬ ਨਾਲ ਇੱਕ ਖਾਤਾ ਖੋਲ੍ਹਿਆ ਸੀ ਅਤੇ ਇੱਕ ਸਾਫਟਵੇਅਰ ਅਪਗ੍ਰੇਡ ਹੋਣ ਤੋਂ ਬਾਅਦ ਵਿੱਤੀ ਕੰਪਨੀ ਨੇ ਉਸ ਨੂੰ ਫਰਵਰੀ ’ਚ ਗਲਤੀ ਨਾਲ ਬਹੁਤ ਜ਼ਿਆਦਾ ਪੈਸੇ ਟ੍ਰਾਂਸਫਰ ਕਰ ਦਿੱਤੇ ਸਨ, ਜਦੋਂ ਚਾਰਲਸ ਸਵੈਬ ਨੇ 33 ਸਾਲਾ ਜਨਾਨੀ ਨੂੰ ਇਸ ਗਲਤੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਕਾਲਾਂ ਅਤੇ ਈਮੇਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਲਈ ਕੰਪਨੀ ਨੇ ਮੰਗਲਵਾਰ ਇੱਕ ਮੁਕੱਦਮਾ ਦਾਇਰ ਕਰਦਿਆਂ ਸਪੈਡੋਨੀ ’ਤੇ ਪੈਸੇ ਵਾਪਸ ਨਾ ਕਰਨ ਦਾ ਦੋਸ਼ ਲਾਇਆ।
ਅਧਿਕਾਰੀਆਂ ਅਤੇ ਚਾਰਲਸ ਸਵੈਬ ਨੇ ਸ਼ੁੱਕਰਵਾਰ ਦੱਸਿਆ ਕਿ ਉਹ ਲੱਗਭਗ 75 ਫੀਸਦੀ ਪੈਸੇ, ਜੋ ਗਲਤੀ ਨਾਲ ਸਪੈਡੋਨੀ ਨੂੰ ਦਿੱਤੇ ਗਏ ਸਨ, ਦੀ ਵਸੂਲੀ ਕਰਨ ਦੇ ਯੋਗ ਹੋ ਗਏ ਹਨ । ਇਸ ਮਾਮਲੇ ’ਚ ਸਪੈਡੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਿਊ ਓਰਲੀਨਜ਼ ਦੇ ਬਿਲਕੁਲ ਬਾਹਰ ਜੈਫਰਸਨ ਪੈਰਿਸ ਜੇਲ੍ਹ ’ਚ ਲਿਜਾਇਆ ਗਿਆ ।