ਅਮਰੀਕਾ : ਤੀਆਂ ਨੇ ਰਚਿਆ ਨਵਾਂ ਇਤਿਹਾਸ, ਜੀਪ ’ਤੇ ਸਵਾਰ ਹੋ ਕੇ ਸ਼ਾਮਲ ਹੋਈਆਂ ਬੀਬੀਆਂ

Thursday, Aug 12, 2021 - 01:10 PM (IST)

ਅਮਰੀਕਾ : ਤੀਆਂ ਨੇ ਰਚਿਆ ਨਵਾਂ ਇਤਿਹਾਸ, ਜੀਪ ’ਤੇ ਸਵਾਰ ਹੋ ਕੇ ਸ਼ਾਮਲ ਹੋਈਆਂ ਬੀਬੀਆਂ

ਸੈਕਰਾਮੈਂਟੋ (ਰਾਜ ਗੋਗਨਾ): ਬੀਤੇ ਦਿਨ ਇੰਟਰਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 14ਵਾਂ ਸਾਲਾਨਾ ਤੀਆਂ ਦਾ ਮੇਲਾ ‘ਤੀਆਂ ਤੀਜ ਦੀਆਂ’ ਐਲਕ ਗਰੋਵ ਪਾਰਕ, ਸੈਕਰਾਮੈਂਟੋ (ਕੈਲੀਫੋਰਨੀਆ) ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੈਲੀਫੋਰਨੀਆ ’ਚ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਇਹ ਇਕ ਪਹਿਲਾ ਵੱਡਾ ਮੇਲਾ ਸੀ। ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਨੇ ਇਸ ਵਿਚ ਪਹੁੰਚ ਕੇ ਭਰਪੂਰ ਮਨੋਰੰਜਨ ਕੀਤਾ। 

ਅਕੈਡਮੀ ਵੱਲੋਂ ਸਟੇਜ ਨੂੰ ਬਾਖੂਬੀ ਸਜਾਇਆ ਗਿਆ ਸੀ। ਸੱਭਿਆਚਾਰਕ ਵਸਤੂਆਂ ਸਟੇਜ ਦੀ ਰੌਣਕ ਨੂੰ ਵਧਾ ਰਹੀਆਂ ਸਨ। ਚਰਖੇ, ਪੱਖੀਆਂ, ਛੱਜ, ਢੋਲਕੀਆਂ, ਫੁਲਕਾਰੀਆਂ, ਬਾਜ, ਮੰਜੇ, ਦਰੀਆਂ, ਗਾਗਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੱਭਿਆਚਾਰਕ ਵਸਤੂਆਂ ਨਾਲ ਸਟੇਜ ਨੂੰ ਸਜਾਇਆ ਗਿਆ ਸੀ।ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ਵਿਚ ਦਰੱਖਤਾਂ ਦੀ ਛਾਂ ਹੇਠ ਹੋਈਆਂ ਇਹ ਤੀਆਂ ਪੰਜਾਬ ਦੇ ਕਿਸੇ ਪਿੰਡ ਦਾ ਭੁਲੇਖਾ ਪਾ ਰਹੀਆਂ ਸਨ। ਸਮਾਗਮ ਦੇ ਸ਼ੁਰੂ ਵਿਚ ਤੀਆਂ ਦੀ ਆਰਗੇਨਾਈਜ਼ਰ ਪਿੰਕੀ ਰੰਧਾਵਾ ਨੇ ਸਮੂਹ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਦਾ ਸਾਥ ਦਿੱਤਾ ਪਰਨੀਤ ਗਿੱਲ ਨੇ। 

PunjabKesari

ਹਰ ਉਮਰ ਦੀਆਂ ਬੀਬੀਆਂ ਸੱਜ-ਧੱਜ ਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿਚ ਇਥੇ ਪਹੁੰਚੀਆਂ। ਤੀਆਂ ਦੌਰਾਨ ਗੀਤ-ਸੰਗੀਤ, ਗਿੱਧਾ, ਬੋਲੀਆਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਬਹੁਤ ਸਾਰੇ ਸਟਾਲ ਮੇਲੇ ਦੀ ਸ਼ੋਭਾ ਵਧਾ ਰਹੇ ਸਨ, ਜਿੱਥੋਂ ਬੀਬੀਆਂ ਨੇ ਕੱਪੜੇ, ਗਹਿਣੇ, ਦੇਸੀ ਜੁੱਤੀਆਂ, ਪਰਾਂਦੇ, ਫੁਲਕਾਰੀਆਂ ਆਦਿ ਦੀ ਖਰੀਦੋ-ਫਰੋਖਤ ਕੀਤੀ। ਛੋਲੇ-ਭਟੂਰੇ ਅਤੇ ਸਮੋਸਿਆਂ ਦੀ ਮਹਿਕ ਵਾਤਾਵਰਨ ’ਚ ਫੈਲੀ ਹੋਈ ਸੀ। ਨਾਲੋ-ਨਾਲ ਬੀਬੀਆਂ ਖਾਣ-ਪੀਣ ਦਾ ਆਨੰਦ ਵੀ ਲੈਂਦੀਆਂ ਰਹੀਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਸਤਬੀਰ ਸਿੰਘ ਬਾਜਵਾ ਅਤੇ ਪਰਮਜੀਤ ਕੌਰ ਬਾਜਵਾ ਵੱਲੋਂ ਛਬੀਲ ਦੀ ਸੇਵਾ ਕੀਤੀ ਗਈ।

PunjabKesari

ਐਲਕ ਗਰੋਵ ਸਿਟੀ ਦੀ ਭਾਰਤੀ ਮੂਲ ਦੀ ਮੇਅਰ ਬੌਬੀ ਸਿੰਘ ਐਲਨ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਈ। ਉਸ ਨੇ ਸਿਟੀ ਵੱਲੋਂ ਇਕ ਰੈਕੋਗਨੇਸ਼ਨ ਸਰਟੀਫਿਕੇਟ ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਨੂੰ ਭੇਂਟ ਕੀਤਾ। ਇਨ੍ਹਾਂ ਤੀਆਂ ਨੂੰ ਜਸਮੇਲ ਸਿੰਘ ਚਿੱਟੀ, ਭੁਪਿੰਦਰ ਸਿੰਘ ਸੰਘੇੜਾ, ਸਤਬੀਰ ਸਿੰਘ ਬਾਜਵਾ, ਗੁਲਿੰਦਰ ਸਿੰਘ ਗਿੱਲ, ਬਖਸ਼ੋ ਵੀਸਲਾ, ਪਰਮ ਤੱਖਰ (ਯੂਬਾ ਸਿਟੀ ਤੀਆਂ), ਪਾਲ ਬੋਪਾਰਾਏ (ਇੰਡੀਆ ਸਪਾਈਜ਼ ਐਂਡ ਮਿਊਜ਼ਿਕ, ਬਰੂਸਵਿੱਲ ਰੋਡ, ਐਲਕ ਗਰੋਵ), ਗੁਰਮੀਤ ਸਿੰਘ ਵੜੈਚ,  ਜਸਪ੍ਰੀਤ ਸਿੰਘ ਨਾਮਵਰ ਅਟਾਰਨੀ, ਡਾ. ਗੁੱਡੀ ਤੱਖਰ ਨੇ ਸਪਾਂਸਰ ਕੀਤਾ। ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਇਨ੍ਹਾਂ ਤੀਆਂ ਦੇ ਗਰੈਂਡ ਸਪਾਂਸਰ ਸਨ। 

ਪੜ੍ਹੋ ਇਹ ਅਹਿਮ ਖਬਰ- ਦੁਬਈ : ਕਈ ਸਾਲਾਂ ਤੱਕ ਭਾਰਤੀ ਸ਼ਖ਼ਸ ਨੇ ਅਜਮਾਈ ਕਿਸਮਤ, ਆਖਿਰ ਜਿੱਤੇ ਕਰੋੜਾਂ ਰੁਪਏ 

ਇਸ ਮੌਕੇ ’ਤੇ ਰੈਫਰਲ ਇਨਾਮ ਕੱਢੇ ਗਏ। ਬੱਗਾ ਜਿਊਲਰਜ਼, 65 ਸਟਰੀਟ ਸੈਕਰਾਮੈਂਟੋ ਵੱਲੋਂ 22 ਕੈਰੇਟ ਸ਼ੁੱਧ ਸੋਨੇ ਦੇ ਝੁਮਕੇ ਰੈਫਰਲ ਵਜੋਂ ਸਪਾਂਸਰ ਕੀਤੇ ਗਏ ਸਨ। ਇਸ ਤੋਂ ਇਲਾਵਾ ਇੰਡੀਆ ਸਪਾਈਸ ਐਂਡ ਮਿਊਜ਼ਿਕ ਨੇ ਵੀ ਦਿਲ ਖਿੱਚਵਾਂ ਇਨਾਮ ਦਿੱਤਾ। ਬਖਸ਼ੋ ਵੀਸਲਾ ਨੂੰ ਸੱਭਿਆਚਾਰਕ ਖੇਤਰ ’ਚ ਵੱਡਮੁੱਲਾ ਯੋਗਦਾਨ ਪਾਉਣ ਲਈ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਸੈਟੀ ਰਾਏ ਵੱਲੋਂ ਬਾਖੂਬੀ ਨਿਭਾਈ ਗਈ। ਕੁੱਲ ਮਿਲਾ ਕੇ ਇਹ ਤੀਆਂ ਦਾ ਮੇਲਾ ਇੱਕ ਵਾਰ ਫਿਰ ਅਮਿੱਟ ਛਾਪ ਛੱਡ ਗਿਆ।
 


author

Vandana

Content Editor

Related News