ਅਮਰੀਕਾ : ਇਜ਼ਰਾਈਲ ਅਤੇ ਮੈਕਸੀਕੋ ਤੋਂ ਬਚਾਅ ਟੀਮਾਂ ਪਹੁੰਚੀਆਂ ਫਲੋਰਿਡਾ
Tuesday, Jun 29, 2021 - 11:37 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਲੋਰਿਡਾ ਦੇ ਮਿਆਮੀ ਬੀਚ ਨੇੜੇ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਬਚਾਅ ਕਾਰਜ ਵੱਡੇ ਪੱਧਰ 'ਤੇ ਜਾਰੀ ਹਨ। ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜਾਂ ਵਿੱਚ ਸਥਾਨਕ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਇਜ਼ਰਾਈਲ ਅਤੇ ਮੈਕਸੀਕੋ ਤੋਂ ਵੀ ਰੈਸਕਿਊ ਟੀਮਾਂ ਐਤਵਾਰ ਨੂੰ ਫਲੋਰਿਡਾ ਵਿੱਚ ਪਹੁੰਚੀਆਂ ਹਨ ਤਾਂ ਕਿ ਬਚੇ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ ਅਤੇ ਕੰਡੋ ਟਾਵਰ ਦੇ ਮਲਬੇ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕੇ। ਇਹ ਟੀਮਾਂ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ ਘਟਨਾ ਸਥਾਨ 'ਤੇ ਪਹੁੰਚੀਆਂ, ਜੋ ਕਿ ਖੋਜੀ ਕੁੱਤੇ, ਸੋਨਾਰ ਤਕਨੀਕ, ਡਰੋਨ ਅਤੇ ਇਨਫਰਾਰੈੱਡ ਸਕੈਨਰ ਦੀ ਵਰਤੋਂ ਕਰਕੇ ਮਿਆਮੀ ਬੀਚ ਦੇ ਨੇੜੇ ਸਰਫਸਾਈਡ ਵਿੱਚ ਚੈਂਪਲੇਨ ਟਾਵਰਜ਼ ਦੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਮਿਆਮੀ ਡੇਡ ਦੀ ਮੇਅਰ ਡੈਨੀਅਲ ਲੇਵੀਨ ਕਾਵਾ ਨੇ ਜਾਣਕਾਰੀ ਦਿੱਤੀ ਕਿ ਇਸ ਸਰਚ ਅਭਿਆਨ ਲਈ ਬਚਾਅ ਟੀਮਾਂ ਦੇ ਕਾਫੀ ਮੈਂਬਰ ਹਨ ਅਤੇ ਹੁਣ ਇਜ਼ਰਾਈਲ ਅਤੇ ਮੈਕਸੀਕੋ ਤੋਂ ਟੀਮਾਂ ਆਈਆਂ ਹਨ, ਜਦਕਿ ਸਾਊਥ ਅਫਰੀਕਾ ਤੋਂ ਵੀ ਟੀਮਾਂ ਲਈ ਕਾਲਾਂ ਆਈਆਂ ਹਨ। ਇਸਦੇ ਇਲਾਵਾ ਟੀਮਾਂ ਦੇ ਸੈਂਕੜੇ ਮੈਂਬਰ ਸਟੈਂਡਬਾਏ 'ਤੇ ਹਨ । ਇਸ ਰਿਹਾਇਸ਼ੀ ਇਮਾਰਤ ਵਿੱਚ ਦੁਨੀਆ ਵਿੱਚੋਂ ਕਈ ਦੇਸ਼ਾਂ ਦੇ ਨਾਗਰਿਕ ਰਹਿ ਰਹੇ ਸਨ। ਇਜ਼ਰਾਈਲੀ ਸੰਸਥਾਵਾਂ ਦੇ ਅਨੁਸਾਰ ਵੀ ਇਸ ਹਾਦਸੇ ਵਿੱਚ ਲੱਗਭਗ 20 ਇਜ਼ਰਾਈਲੀ ਨਾਗਰਿਕ ਲਾਪਤਾ ਹੋਏ ਹਨ। ਇਨ੍ਹਾਂ ਤੋਂ ਇਲਾਵਾ ਅਰਜਨਟੀਨਾ, ਵੈਨੇਜ਼ੁਏਲਾ, ਉਰੂਗਵੇ ਅਤੇ ਪੈਰਾਗੁਏ ਆਦਿ ਦੇਸ਼ਾਂ ਦੇ ਲੋਕ ਵੀ ਲਾਪਤਾ ਹਨ।