ਅਮਰੀਕਾ : ਸ਼ਿਕਾਗੋ ’ਚ ਜੇਲ੍ਹ ’ਚੋਂ ਰਿਹਾਅ ਹੋਏ ਰੈਪਰ ਦਾ ਬੇਰਹਿਮੀ ਨਾਲ ਕਤਲ
Tuesday, Jul 13, 2021 - 10:17 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸ਼ਹਿਰ ਸ਼ਿਕਾਗੋ ’ਚ ਇੱਕ ਰੈਪਰ ਨੂੰ ਉਸ ਸਮੇਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਜੇਲ੍ਹ ’ਚੋਂ ਰਿਹਾਈ ਉਪਰੰਤ ਬਾਹਰ ਆਇਆ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 31 ਸਾਲਾ ਲੋਂਡਰੇ ਸਿਲਵੇਸਟਰ ਨੂੰ ਸ਼ਨੀਵਾਰ ਰਾਤ 9 ਵਜੇ ਤੋਂ ਪਹਿਲਾਂ ਕੁੱਕ ਕਾਉਂਟੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ, ਜਿਸ ਉਪਰੰਤ ਥੋੜ੍ਹੀ ਦੂਰ ਜਾਣ ’ਤੇ ਬੰਦੂਕਧਾਰੀਆਂ ਨੇ ਦੋ ਪਾਰਕ ਕੀਤੀਆਂ ਕਾਰਾਂ ’ਚੋਂ ਬਾਹਰ ਆ ਕੇ ਉਸ ਉੱਪਰ ਗੋਲੀਬਾਰੀ ਕਰਦਿਆਂ ਤਕਰੀਬਨ 64 ਗੋਲੀਆਂ ਮਾਰੀਆਂ।
ਇਹ ਵੀ ਪੜ੍ਹੋ : PM ਮੋਦੀ ਨੇ ਓਲੰਪਿਕ ’ਚ ਜਾਣ ਵਾਲੇ ਐਥਲੀਟਾਂ ਨਾਲ ਕੀਤੀ ਚਰਚਾ, ਕਿਹਾ-ਉਮੀਦਾਂ ਦੇ ਬੋਝ ਥੱਲੇ ਨਹੀਂ ਦੱਬਣਾ
ਇਸ ਦੌਰਾਨ ਦੋ ਔਰਤਾਂ ਵੀ ਇਸ ਹਮਲੇ ’ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਵਿੱਚ ਇੱਕ ਸਿਲਵੇਸਟਰ ਦਾ ਬਾਂਡ ਭਰਨ ਵਾਲੀ 60 ਸਾਲਾ ਔਰਤ ਅਤੇ ਇੱਕ 35 ਸਾਲਾ ਜੇਲ੍ਹ ਵਿੱਚ ਕੰਮ ਕਰਦੀ ਔਰਤ ਸ਼ਾਮਲ ਸੀ। ਸਿਲਵੇਸਟਰ, ਜੋ ਸਥਾਨਕ ਤੌਰ ’ਤੇ ਰੈਪ ਕਰਦਾ ਸੀ, ਨੂੰ ਹਿਰਾਸਤ ’ਚੋਂ ਰਿਹਾਅ ਕੀਤਾ ਗਿਆ ਸੀ ਅਤੇ ਉਸ ਦੀ ਜ਼ਮਾਨਤ ਦੇ ਹਿੱਸੇ ਵਜੋਂ ਇੱਕ ਇਲੈਕਟ੍ਰਾਨਿਕ ਉਪਕਰਣ ਫਿੱਟ ਕੀਤਾ ਗਿਆ ਸੀ। ਇਸ ਵਿਅਕਤੀ ਨੂੰ 2020 ’ਚ ਬੰਦੂਕਾਂ ਸਬੰਧੀ ਦੋਸ਼ ’ਚ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਜੇਲ੍ਹ ਭੇਜਿਆ ਗਿਆ ਸੀ।
ਉਸ ਨੇ ਸ਼ੁੱਕਰਵਾਰ 5,000 ਡਾਲਰ ਦਾ ਜ਼ਮਾਨਤੀ ਬਾਂਡ ਭਰਿਆ ਸੀ। ਪੁਲਸ ਅਨੁਸਾਰ ਉਸ ਦੇ ਚਿਹਰੇ ਅਤੇ ਛਾਤੀ ’ਤੇ ਗੋਲੀਆਂ ਲੱਗੀਆਂ, ਜਿਸ ਉਪਰੰਤ ਉਸ ਨੂੰ ਮਾਊਂਟ ਸਿਨਾਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਗੋਲੀਬਾਰੀ ਦੇ ਸ਼ੂਟਰ ਵੱਖ-ਵੱਖ ਦਿਸ਼ਾਵਾਂ ’ਚ ਆਪਣੇ ਵਾਹਨਾਂ ਸਮੇਤ ਭੱਜ ਗਏ ਸਨ, ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।