ਅਮਰੀਕਾ : ਹਿਊਸਟਨ ’ਚ ਹਫਤਾ ਪਹਿਲਾਂ ਲਾਪਤਾ ਹੋਇਆ ਟਾਈਗਰ ਮਿਲਿਆ ਸੁਰੱਖਿਅਤ

05/17/2021 2:48:28 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਟੈਕਸਾਸ ਦੇ ਹਿਊਸਟਨ ’ਚ ਤਕਰੀਬਨ ਇੱਕ ਹਫ਼ਤੇ ਤੋਂ ਗੁੰਮ ਹੋਇਆ ਇੱਕ ਬੰਗਾਲ ਟਾਈਗਰ ਸੁਰੱਖਿਅਤ ਮਿਲ ਗਿਆ ਹੈ। ਇਸ ਸਬੰਧੀ ਹਿਊਸਟਨ ਪੁਲਸ ਵਿਭਾਗ ਦੇ ਕਮਾਂਡਰ ਰੋਨ ਬੋਰਜ਼ਾ ਨੇ ਸ਼ਨੀਵਾਰ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਈਗਰ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹੈ। ਲੱਗਭਗ 9 ਮਹੀਨਿਆਂ ਦੇ 175 ਪੌਂਡ ਭਾਰੇ ਇਸ ਟਾਈਗਰ ਦਾ ਨਾਂ ਇੰਡੀਆ ਹੈ, ਦੇ ਮਿਲਣ ਸਬੰਧੀ ਐੱਚ. ਪੀ. ਡੀ. ਵੱਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ’ਚ ਇਸ ਨੂੰ ਪੁਲਸ ਅਧਿਕਾਰੀ ਬੋਰਜ਼ਾ ਅਤੇ ਇੱਕ ਔਰਤ, ਜਿਸ ਦੀ ਪਛਾਣ ਟਾਈਗਰ ਮਾਲਕ ਦੀ ਪਤਨੀ ਵਜੋਂ ਹੋਈ ਸੀ, ਦੇ ਨਾਲ ਵੇਖਿਆ ਗਿਆ ਹੈ। ਇਹ ਟਾਈਗਰ ਇੰਡੀਆ 9 ਮਈ ਨੂੰ ਬਾਹਰ ਖੁੱਲ੍ਹੇ ’ਚ ਘੁੰਮਦਾ ਵੇਖਿਆ ਗਿਆ ਸੀ, ਜਿਸ ਕਰਕੇ ਲੋਕਾਂ ’ਚ ਡਰ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ : 11 ਸਾਲ ਦੀ ਉਮਰ ’ਚ ਓਬਾਮਾ ਦੀ ਇੰਟਰਵਿਊ ਲੈਣ ਵਾਲੇ ਪੱਤਰਕਾਰ ਦੀ ਹੋਈ ਮੌਤ

ਬੋਰਜ਼ਾ ਨੇ ਦੱਸਿਆ ਕਿ ਇੰਡੀਆ ਦੇ ਮਾਲਕ ਦੀ ਪਤਨੀ, ਜਿਸ ਦੀ ਪਛਾਣ ਜੀਆ ਵਜੋਂ ਕੀਤੀ ਗਈ ਸੀ, ਨੇ ਇੱਕ ਆਦਮੀ ਨਾਲ ਮਿਲ ਕੇ ਇਸ ਜਾਨਵਰ ਨੂੰ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਟਾਈਗਰ ਨੂੰ ਰੱਖਣ ਦੇ ਮਾਮਲੇ ’ਚ ਪੁਲਸ ਨੇ ਇਸ ਦੇ 26 ਸਾਲਾ ਮਾਲਕ ਵਿਕਟਰ ਹਿਊਗੋ ’ਤੇ ਕੋਈ ਚਾਰਜ ਨਹੀਂ ਲਗਾਏ ਹਨ ਅਤੇ ਉਹ ਹੈਰਾਨ ਹਨ ਕਿ ਇੰਡੀਆ, ਵਿਕਟਰ ਦੇ ਸੰਪਰਕ ਵਿੱਚ ਕਿਵੇਂ ਆਇਆ। ਪੁਲਸ ਦੇ ਅਨੁਸਾਰ ਇਸ ਤਰ੍ਹਾਂ ਦਾ ਖਤਰਨਾਕ ਜਾਨਵਰ ਕਿਸੇ ਦੇ ਘਰ ’ਚ ਨਹੀਂ ਹੋਣਾ ਚਾਹੀਦਾ ਕਿਉਂਕਿ ਵੱਡੇ ਹੋਣ ’ਤੇ ਇਹ ਸਮਾਜ ਲਈ ਨੁਕਸਾਨਦਾਇਕ ਹੋ ਸਕਦਾ ਹੈ। ਐਤਵਾਰ ਨੂੰ ਇਸ ਨੂੰ ਹਿਊਸਟਨ ਤੋਂ ਲੱਗਭਗ ਤਿੰਨ ਘੰਟੇ ਉੱਤਰ ’ਚ ਟੈਕਸਸ ਦੇ ਮੌਰਚਿਸਨ ’ਚ ਕਲੇਵਲੈਂਡ ਆਰਮਰੀ ਬਲੈਕ ਬਿਊਟੀ ਰੈਂਚ ਨੂੰ ਸੌਂਪਿਆ ਜਾਵੇਗਾ।


Manoj

Content Editor

Related News