ਅਮਰੀਕਾ: ਕੋਲਿਨ ਪਾਵੇਲ ਨੂੰ ਫਿਊਨਰਲ ਮੌਕੇ ਦਿੱਤੀ ਸ਼ਰਧਾਂਜਲੀ

11/06/2021 11:49:47 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਰਿਟਾਇਰਡ ਜਨਰਲ ਕੋਲਿਨ ਪਾਵੇਲ, ਜੋ ਕਿ ਜੁਆਇੰਟ ਚੀਫਸ ਆਫ ਸਟਾਫ਼ ਦੇ ਚੇਅਰਮੈਨ ਵਜੋਂ ਸੇਵਾ ਕਰਨ ਵਾਲੇ ਪਹਿਲੇ ਅਫਰੀਕੀ ਅਮਰੀਕੀ ਦੇ ਨਾਲ ਨਾਲ ਕਾਲੇ ਮੂਲ ਦੇ ਪਹਿਲੇ ਸੈਕਟਰੀ ਆਫ ਸਟੇਟ ਸਨ, ਨੂੰ ਵਾਸ਼ਿੰਗਟਨ ਨੈਸ਼ਨਲ ਕੈਥੇਡ੍ਰਲ ਵਿੱਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਫਿਊਨਰਲ ਮੌਕੇ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੂੰ ਇੱਕ ਰਾਜਨੇਤਾ, ਇੱਕ ਯੋਧਾ ਵਜੋਂ ਯਾਦ ਕੀਤਾ ਗਿਆ। ਪਾਵੇਲ ਦੀ ਪਿਛਲੇ ਮਹੀਨੇ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ 84 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।  ਹਾਲਾਂਕਿ ਉਸ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ ਪਰ ਉਸ ਦੀ ਇਮਿਊਨ ਪ੍ਰਣਾਲੀ ਕੈਂਸਰ ਦੇ ਇਲਾਜਾਂ ਕਾਰਨ ਕਮਜੋਰ ਸੀ। ਇਸ ਫਿਊਨਰਲ ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਨਾਲ-ਨਾਲ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਹਾਜ਼ਰ ਸਨ। ਇਸਦੇ ਇਲਾਵਾ ਇਸ ਮੌਕੇ ਸਾਬਕਾ ਵਿਦੇਸ਼ ਸਕੱਤਰ ਮੈਡੇਲਿਨ ਅਲਬ੍ਰਾਈਟ ਅਤੇ ਸਾਬਕਾ ਡਿਪਟੀ ਸੈਕਟਰੀ ਆਫ਼ ਸਟੇਟ ਰਿਚਰਡ ਆਰਮੀਟੇਜ ਦੇ ਨਾਲ-ਨਾਲ ਪਾਵੇਲ ਦੇ ਪੁੱਤਰ ਮਾਈਕਲ ਦੁਆਰਾ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਇਹ ਵੀ ਪੜ੍ਹੋ - ਅਮਰੀਕਾ ਦੇ ਕੁੱਝ ਸ਼ਹਿਰਾਂ 'ਚ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਈ ਕੀਤੀ ਜਾ ਰਹੀ ਹੈ 100 ਡਾਲਰ ਦੀ ਪੇਸ਼ਕਸ਼

ਪਾਵੇਲ ਨੇ ਚਾਰ ਅਮਰੀਕੀ ਰਾਸ਼ਟਰਪਤੀਆਂ  ਰੀਗਨ, ਬੁਸ਼, ਬਿਲ ਕਲਿੰਟਨ ਅਤੇ ਜਾਰਜ ਡਬਲਯੂ ਬੁਸ਼ ਦੇ ਅਧੀਨ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਪਾਵੇਲ ਨੇ ਪਹਿਲਾਂ ਡਿਪਟੀ ਨੈਸ਼ਨਲ  ਸੁਰੱਖਿਆ ਸਲਾਹਕਾਰ ਅਤੇ ਫਿਰ ਨੈਸ਼ਨਲ ਸੁਰੱਖਿਆ ਸਲਾਹਕਾਰ ਵਜੋਂ ਕੰਮ ਕੀਤਾ। ਬਾਅਦ ਵਿੱਚ, ਉਸਨੂੰ ਜੁਆਇੰਟ ਚੀਫ਼ਸ ਆਫ ਸਟਾਫ਼ ਦੇ ਚੇਅਰਮੈਨ, ਯੂ.ਐੱਸ. ਆਰਮਡ ਫੋਰਸਿਜ਼ ਦੇ ਸੀਨੀਅਰ ਰੈਂਕਿੰਗ ਮੈਂਬਰ ਅਤੇ ਰਾਸ਼ਟਰਪਤੀ ਦੇ ਫੌਜੀ ਸਲਾਹਕਾਰ ਦੇ ਇਲਾਵਾ ਸੈਕਟਰੀ ਆਫ ਸਟੇਟ ਵਜੋਂ ਵੀ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News