ਚੀਨ ਦੇ ਕਾਰਨ ਦੁਨੀਆ ਭਰ ''ਚ ਫੈਲਿਆ ਕੋਰੋਨਾਵਾਇਰਸ : ਟਰੰਪ
Tuesday, Jul 21, 2020 - 06:23 PM (IST)
ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਸਬੰਧੀ ਚੀਨ 'ਤੇ ਪਾਰਦਰਸ਼ਿਤਾ ਨਾ ਵਰਤਣ ਦਾ ਦੋਸ਼ ਲਗਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਚਾਹੁੰਦਾ ਤਾਂ ਇਨਫੈਕਸ਼ਨ ਨੂੰ ਦੁਨੀਆ ਵਿਚ ਫੈਲਣ ਤੋਂ ਰੋਕ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿਚ ਚੀਨ ਦੇ ਰਵੱਈਏ 'ਤੇ ਟਰੰਪ ਪਹਿਲਾਂ ਵੀ ਨਿਰਾਸ਼ਾ ਜ਼ਾਹਰ ਕਰ ਚੁੱਕੇ ਹਨ। ਮਈ ਵਿਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਹ ਚੀਨ ਦੀ ਅਸਮਰੱਥਾ ਹੈ ਜਿਸ ਕਾਰਨ ਦੁਨੀਆ ਵਿਚ ਇੰਨੇ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਬਾਅਦ ਤੋਂ ਦੁਨੀਆ ਭਰ ਵਿਚ 6 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਵਿਚ ਇਨਫੈਕਸ਼ਨ ਨਾਲ 1,43,000 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ 40 ਲੱਖ ਲੋਕਾਂ ਸਮੇਤ ਦੁਨੀਆ ਵਿਚ 1.4 ਕਰੋੜ ਤੋਂ ਵਧੇਰੇ ਲੋਕ ਕੋਵਿਡ-19 ਨਾਲ ਪੀੜਤ ਹੋਏ ਹਨ।
ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਇਹ ਚੀਨ ਤੋਂ ਸ਼ੁਰੂ ਹੋਇਆ। ਇਸ ਨੂੰ ਫੈਲਣ ਨਹੀਂ ਦੇਣਾ ਚਾਹੀਦਾ ਸੀ। ਉਹ ਇਸ ਨੂੰ ਰੋਕ ਸਕਦੇ ਸੀ। ਉਹ ਆਸਾਨੀ ਨਾਲ ਇਸ ਨੂੰ ਰੋਕ ਸਕਦੇ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।'' ਟਰੰਪ ਨੇ ਕਿਹਾ,''ਸਾਨੂੰ ਅੱਗੇ ਇਸ 'ਤੇ ਰਿਪੋਰਟ ਮਿਲੀ ਪਰ ਇਹ ਚੀਨ ਤੋਂ ਹੀ ਆਇਆ। ਚੀਨ ਚਾਹੁੰਦਾ ਤਾਂ ਇਸ ਨੂੰ ਰੋਕ ਸਕਦਾ ਸੀ ਪਰ ਬਾਕੀ ਦੁਨੀਆ ਵਿਚ ਫੈਲਣ ਤੋਂ ਪਹਿਲਾਂ ਇਸ ਨੂੰ ਰੋਕਿਆ ਨਹੀਂ ਗਿਆ। ਉਸ ਨੇ ਇਨਫੈਕਸ਼ਨ ਦੇ ਯੂਰਪ, ਅਮਰੀਕਾ ਵਿਚ ਜਾਣ 'ਤੇ ਰੋਕ ਨਹੀਂ ਲਗਾਈ।''
ਅਮਰੀਕੀ ਰਾਸ਼ਟਰਪਤੀ ਨੇ ਕਿਹਾ,''ਉਹਨਾਂ ਨੂੰ ਇਸ ਨੂੰ ਰੋਕਣਾ ਚਾਹੀਦਾ ਸੀ। ਉਹਨਾਂ ਨੇ ਪਾਰਦਰਸ਼ਿਤਾ ਨਹੀਂ ਦਿਖਾਈ। ਉਹਨਾਂ ਨੇ ਠੀਕ ਇਸ ਦੇ ਉਲਟ ਰਵੱਈਆ ਅਪਨਾਈ ਰੱਖਿਆ। ਇਹ ਠੀਕ ਨਹੀਂ ਹੈ।'' ਟਰੰਪ ਨੇ ਮਹਾਮਾਰੀ ਦੀ ਸਥਿਤੀ 'ਤੇ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ ਸਿਸੀ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ,''ਅਸੀਂ ਸਾਰੇ ਇਕ-ਦੂਜੇ ਦੇ ਨਾਲ ਹਾਂ। ਪਿਛਲੇ ਕੁਝ ਦਿਨਾਂ ਵਿਚ ਦੁਨੀਆ ਦੇ ਕਈ ਨੇਤਾਵਾਂ ਦੇ ਨਾਲ ਮੈਂ ਗੱਲ ਕੀਤੀ ਹੈ। ਇਹ ਅਜਿਹੀ ਮਹਾਮਾਰੀ ਹੈ ਜੋ ਹਰਜਗ੍ਹਾ ਫੈਲ ਰਹੀ ਹੈ। ਕੁਝ ਦੇਸ਼ਾਂ ਨੂੰ ਲੱਗਾ ਕਿ ਉਹ ਚੰਗੀ ਸਥਿਤੀ ਵਿਚ ਹਨ ਅਤੇ ਫਿਰ ਅਚਾਨਕ ਤੋਂ ਮਾਮਲੇ ਸਾਹਮਣੇ ਵੱਧ ਗਏ।'' ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਇਕ ਗਲੋਬਲ ਸਮੱਸਿਆ ਹੈ ਅਤੇ ਅਮਰੀਕਾ ਵੈਂਟੀਲੇਟਰ ਦੇ ਕੇ ਦੂਜੇ ਦੇਸ਼ਾਂ ਦੀ ਮਦਦ ਕਰ ਰਿਹਾ ਹੈ। ਟਰੰਪ ਨੇ ਕਿਹਾ,''ਅਸੀਂ ਕਈ ਦੇਸ਼ਾਂ ਦੀ ਮਦਦ ਕਰ ਰਹੇ ਹਾਂ। ਉਹਨਾਂ ਕੋਲ ਵੈਂਟੀਲੇਟਰ ਨਹੀਂ ਹਨ ਅਤੇ ਅਸੀਂ ਕਈ ਦੇਸ਼ਾਂ ਨੂੰ ਹਜ਼ਾਰਾਂ ਵੈਂਟੀਲੇਟਰ ਭੇਜੇ ਹਨ। ਇਹ ਇਕ ਗਲੋਬਲ ਸਮੱਸਿਆ ਹੈ ਪਰ ਮੈਂ ਚਾਹੁੰਦਾ ਹਾਂ ਕਿ ਲੋਕ ਸਮਝਣ ਕਿ ਚੀਨ ਦੇ ਕਾਰਨ ਇਹ ਗਲੋਬਲ ਸਮੱਸਿਆ ਸ਼ੁਰੂ ਹੋਈ।''