ਜੱਜ ਨੇ ਟਰੱਪ ਵਿਰੁੱਧ ਮੁਕੱਦਮੇ ਨੂੰ ਦਿੱਤੀ ਮਨਜ਼ੂਰੀ
Wednesday, Jun 26, 2019 - 11:54 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਫੈਡਰਲ ਜੱਜ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਰਹਿੰਦਿਆਂ ਵੀ ਲਾਭ ਕਮਾਇਆ ਜੋ ਸੰਵਿਧਾਨ ਦੀ ਵਿਵਸਥਾ ਦੀ ਉਲੰਘਣਾ ਹੈ। ਕੋਲੰਬੀਆ ਜ਼ਿਲੇ ਦੇ ਯੂ.ਐੱਸ. ਡਿਸਟ੍ਰਿਕਟ ਜੱਜ ਐਮੇਟ ਜੀ. ਸੁਲੀਵਨ ਨੇ ਕਾਨੂੰਨ ਵਿਭਾਗ ਦੇ ਵਕੀਲ ਦੀ ਅਪੀਲ ਦੇ ਵਿਰੁੱਧ ਫੈਸਲਾ ਸੁਣਾਇਆ। ਵਕੀਲ ਨੇ ਮੁਕੱਦਮੇ ਦੇ ਮੱਧ ਵਿਚ ਹਾਈ ਕੋਰਟ ਵਿਚ ਅਪੀਲ ਕਰਨ ਅਤੇ ਇਸ ਦੌਰਾਨ ਮੁਕੱਦਮੇ ਦੀ ਸੁਣਵਾਈ ਰੋਕਣ ਦੀ ਮੰਗ ਕੀਤੀ ਸੀ।
ਕਰੀਬ 200 ਡੈਮਕ੍ਰੈਟਿਕ ਸਾਂਸਦਾਂ ਵੱਲੋਂ ਸਮਰਥਿਤ ਇਸ ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਟਰੰਪ ਸੰਸਦ ਦੀ ਮਨਜ਼ੂਰੀ ਦੇ ਬਿਨਾਂ ਵਿਦੇਸ਼ੀ ਅਤੇ ਸੂਬਾਈ ਸਰਕਾਰਾਂ ਤੋਂ ਤੋਹਫੇ ਲੈਂਦੇ ਰਹੇ ਹਨ। ਇੰਨਾ ਹੀ ਨਹੀਂ ਆਪਣੇ ਤੋਂ ਪਹਿਲਾਂ ਦੇ ਰਾਸ਼ਟਰਪਤੀਆਂ ਦੇ ਉਲਟ ਟਰੰਪ ਨੇ ਆਪਣੇ ਕਾਰੋਬਾਰ ਨਾਲੋਂ ਵੀ ਪੂਰੀ ਤਰ੍ਹਾਂ ਸੰਬੰਧ ਤੋੜਨ ਤੋਂ ਇਨਕਾਰ ਕੀਤਾ ਸੀ। ਜੱਜ ਦੇ ਫੈਸਲੇ ਦੇ ਬਾਅਦ ਸਾਂਸਦ ਹੁਣ ਸੂਚਨਾਵਾਂ ਇਕੱਠੀਆਂ ਕਰਨ ਲਈ ਸੰਮਨ ਭੇਜ ਸਕਣਗੇ।
ਗੌਰਤਲਬ ਹੈ ਕਿ ਮੰਗਲਵਾਰ ਨੰ ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਜਦੋਂ ਟਰੰਪ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਇਕ ਗੋਲਮੇਜ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਸਥਿਤ ਆਪਣੇ ਹੀ ਨਾਮ ਵਾਲੇ ਹੋਟਲ ਵਿਚ ਜਾ ਰਹੇ ਹਨ। ਇਹ ਹੋਟਲ ਵ੍ਹਾਈਟ ਹਾਊਸ ਦੇ ਬਿਲਕੁੱਲ ਕਰੀਬ ਹੈ। ਇਸ ਪ੍ਰੋਗਰਾਮ ਵਿਚ ਚੋਣ ਮੁਹਿੰਮ ਲਈ ਫੰਡ ਇਕੱਠਾ ਕੀਤਾ ਜਾਵੇਗਾ। ਕਾਨੂੰਨ ਵਿਭਾਗ ਦੀ ਬੁਲਾਰਨ ਕੇਲੀ ਲਾਕੋ ਦਾ ਕਹਿਣਾ ਹੈ ਕਿ ਇਹ ਮੁਕੱਦਮਾ ਖਾਰਿਜ ਹੋ ਜਾਣਾ ਚਾਹੀਦਾ ਸੀ। ਟਰੰਪ ਪ੍ਰਸ਼ਾਸਨ ਨੇ ਹਾਲੇ ਫੈਸਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਸਦਨ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ,''ਕੋਈ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਨਹੀਂ। ਰਾਸ਼ਟਰਪਤੀ ਵੀ ਨਹੀਂ।''