ਮਨੋਰੰਜਨ ਲਈ ਸ਼ਖਸ ਨੇ ਬੇਘਰੇ ਲੋਕਾਂ ਨੂੰ ਖਵਾਇਆ ਜ਼ਹਿਰੀਲਾ ਖਾਣਾ, ਗ੍ਰਿਫਤਾਰ
Saturday, Jun 13, 2020 - 09:39 AM (IST)
ਵਾਸ਼ਿੰਗਟਨ (ਬਿਊਰੋ):ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਇਕ ਸ਼ਰਾਰਤੀ ਵਿਅਕਤੀ ਨੇ ਆਪਣੇ ਮਨੋਰੰਜਨ ਲਈ ਇਕ ਅਜੀਬ ਤਰੀਕਾ ਵਰਤਿਆ। ਇਸ ਲਈ ਉਹ ਬੇਘਰੇ ਲੋਕਾਂ ਨੂੰ ਜ਼ਹਿਰੀਲਾ ਖਾਣਾ ਖਵਾਉਂਦਾ ਰਿਹਾ ਅਤੇ ਉਹਨਾਂ ਦੇ ਵੀਡੀਓਜ਼ ਰਿਕਾਰਡ ਕਰਦਾ ਰਿਹਾ। ਇਸ ਦੋਸ਼ ਵਿਚ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 38 ਸਾਲਾ ਵਿਲੀਅਮ ਰੌਬਰਟ ਕੇਬਲ 'ਤੇ ਦੋਸ਼ ਹੈ ਕਿ ਉਸ ਨੇ 8 ਬੇਘਰੇ ਲੋਕਾਂ ਨੂੰ ਖਾਣੇ ਵਿਚ ਓਲੀਯੋਰੇਸਿਨ ਕੈਪਸੀਕਮ ਨਾਮ ਦਾ ਜ਼ਹਿਰੀਲਾ ਪਦਾਰਥ ਮਿਲਾ ਕੇ ਉਹਨਾਂ ਨੂੰ ਖਵਾਇਆ। ਇਸ ਖਾਣੇ ਨੂੰ ਖਾਣ ਦੇ ਬਾਅਦ ਸਾਰੇ ਲੋਕ ਬੀਮਾਰ ਪੈ ਗਏ ਅਤੇ ਫਿਰ ਰੌਬਰਟ ਨੇ ਉਹਨਾਂ ਸਾਰਿਆਂ ਦੇ ਵੀਡੀਓ ਵੀ ਰਿਕਾਰਡ ਕੀਤੇ ਤਾਂ ਜੋ ਉਹਨਾਂ ਨੂੰ ਦੇਖ ਕੇ ਆਪਣਾ ਮਨੋਰੰਜਨ ਕਰ ਸਕੇ।
ਜ਼ਹਿਰੀਲਾ ਖਾਣਾ ਖਾਣ ਕਾਰਨ ਕੁਝ ਲੋਕਾਂ ਦੀ ਸਥਿਤੀ ਕਾਫੀ ਵਿਗੜ ਗਈ, ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਸ ਨੂੰ ਸ਼ੱਕ ਹੈ ਕਿ ਰੌਬਰਟ ਨੇ ਅਜਿਹਾ ਕਈ ਹੋਰ ਲੋਕਾਂ ਦੇ ਨਾਲ ਵੀ ਕੀਤਾ ਹੋਵੇਗਾ। ਓਰੇਂਜ ਕਾਊਂਟੀ ਜ਼ਿਲ੍ਹਾ ਦੇ ਅਧਿਕਾਰੀਆਂ ਦੇ ਮੁਤਾਬਕ,''ਰੌਬਰਟ ਨੇ ਹੰਟਿੰਗਟਨ ਬੀਚ 'ਤੇ ਇਹਨਾਂ ਸਾਰੇ 8 ਬੇਘਰੇ ਲੋਕਾਂ ਨੂੰ ਓਲੀਯੋਰੇਸਿਨ ਕੈਪਸੀਕਮ ਨਾਮ ਦਾ ਜ਼ਹਿਰੀਲਾ ਪਦਾਰਥ ਮਿਲਿਆ ਖਾਣਾ ਖਵਾਇਆ ਅਤੇ ਫਿਰ ਤੜਫਦੇ ਲੋਕਾਂ ਦਾ ਵੀਡੀਓ ਬਣਾ ਕੇ ਸਟੋਰ ਕਰ ਲਿਆ ਤਾਂ ਜੋ ਬਾਅਦ ਵਿਚ ਮਨੋਰੰਜਨ ਲਈ ਇਸ ਨੂੰ ਦੇਖ ਸਕੇ।''
ਓਲੀਯੋਰੇਸਿਨ ਕੈਪਸੀਕਮ ਨੂੰ ਮਿਰਚ ਦੇ ਪੌਦੇ ਤੋਂ ਕੱਢਿਆ ਜਾਂਦਾ ਹੈ ਜੋ ਕਿ ਖਾਸਤੌਰ 'ਤੇ ਪੇਪਰ ਸਪ੍ਰੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਪੁਲਸ ਦੇ ਮੁਤਾਬਕ ਰੌਬਰਟ ਨੇ ਉਹਨਾਂ ਵਿਚੋਂ ਕੁਝ ਲੋਕਾਂ ਨੂੰ ਕਿਹਾ ਕਿ ਉਹ ਤਿੱਖਾ ਖਾਣਾ ਖਾਣ ਦਾ ਇਕ ਮੁਕਾਬਲਾ ਕਰਨ ਜਾ ਰਿਹਾ ਹੈ। ਉਹ ਇਸ ਵਿਚ ਹਿੱਸਾ ਲੈ ਸਕਦੇ ਹਨ। ਇਸ ਖਤਰਨਾਕ ਪਦਾਰਥ ਤੋਂ ਅਣਜਾਣ ਜ਼ਿਆਦਾਤਰ ਲੋਕਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਹਾਂ ਕਰ ਦਿੱਤੀ। ਜ਼ਹਿਰੀਲਾ ਖਾਣਾ ਖਾਣ ਕਾਰਨ ਕੁਝ ਲੋਕਾਂ ਨੂੰ ਉਲਟੀਆਂ, ਚੱਕਰ, ਸਾਹ ਲੈਣ ਵਿਚ ਮੁਸ਼ਕਲ ਜਿਹੀਆਂ ਸਮੱਸਿਆਵਾਂ ਹੋਈਆਂ। ਇਸ ਅਪਰਾਧ ਦੇ ਲਈ ਰੌਬਰਟ 'ਤੇ 8 ਚਾਰਜ ਲਗਾਏ ਗਏ ਹਨ। ਇਸ ਅਪਰਾਧ ਦੇ ਲਈ ਉਸ ਨੂੰ 19 ਸਾਲ 3 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਅਤੇ ਭਾਰੀ ਜ਼ੁਰਮਾਨਾ ਵੀ ਦੇਣਾ ਪੈ ਸਕਦਾ ਹੈ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ।