ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
Tuesday, Dec 03, 2024 - 04:32 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਇਕ ਔਰਤ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 27 ਸਾਲਾ ਜੈਮੀ ਲੀ ਕੋਮੋਰੋਸਕੀ ਨੂੰ ਚਾਰਲਸਟਨ ਕਾਉਂਟੀ ਕੋਰਟਹਾਊਸ ਵਿੱਚ ਲਾਪਰਵਾਹੀ ਨਾਲ ਕਤਲ ਅਤੇ ਗੰਭੀਰ ਸਰੀਰਕ ਸੱਟ ਪਹੁੰਚਾਉਣ ਦੇ 2 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਇਹ ਹਾਦਸਾ 28 ਅਪ੍ਰੈਲ 2023 ਵਿਚ ਵਾਪਰਿਆ ਸੀ। ਇਸ ਦਿਨ ਐਰਿਕ ਹਚਿਨਸਨ ਅਤੇ ਸਾਮੰਥਾ ਮਿਲਰ ਵਿਆਹ ਦੇ ਬੰਧਨ ਵਿਚ ਬੱਝੇ ਸਨ ਅਤੇ ਰਾਤ ਦੇ ਸਮੇਂ ਵਿਆਹ ਮਗਰੋਂ ਲਾੜਾ-ਲਾੜੀ ਗੋਲਫ ਕਾਰਟ ਵਿਚ ਬੈਠ ਕੇ ਘਰ ਜਾ ਰਹੇ ਸਨ। ਇਸ ਦੌਰਾਨ ਅਚਾਨਕ ਇਕ ਤੇਜ਼ ਰਫਤਾਰ ਗੱਡੀ ਨੇ ਉਨ੍ਹਾਂ ਦੀ ਕਾਰਟ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਵਿਆਹ ਦੇ ਜੋੜੇ ਵਿਚ ਸਜੀ ਸਾਮੰਥਾ ਮਿਲਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਉਸ ਦੇ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ। ਹੁਣ 1 ਸਾਲ ਤੋਂ ਵੱਧ ਸਮੇਂ ਬਾਅਦ ਇਸ ਮਾਮਲੇ ਦੀ ਦੋਸ਼ੀ ਜੈਮੀ ਲੀ ਕੋਮੋਰੋਸਕੀ ਨੂੰ ਸੋਮਵਾਰ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੋਮੋਰੋਸਕੀ ਨੇ ਮੰਨਿਆ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਅਤੇ ਉਸਦੀ ਕਾਰ ਸਪੀਡ ਸੀਮਾ ਤੋਂ ਦੁੱਗਣੀ ਤੇਜ਼ ਸੀ।
ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ 28 ਅਪ੍ਰੈਲ 2023 ਨੂੰ ਕੋਮੋਰੋਸਕੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾ ਰਹੀ ਸੀ। ਹਾਲਾਂਕਿ, ਇਸ ਸੜਕ 'ਤੇ ਡ੍ਰਾਈਵਿੰਗ ਸਪੀਡ 40kph ਤੈਅ ਕੀਤੀ ਗਈ ਹੈ। ਨਾਲ ਹੀ, ਪੁਲਸ ਨੇ ਕਿਹਾ ਕਿ ਉਸਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ 0.26% ਪਾਈ ਗਈ ਸੀ, ਜੋ ਕਿ ਡਰਾਈਵਿੰਗ ਦੀ ਕਾਨੂੰਨੀ ਸੀਮਾ ਤੋਂ ਤਿੰਨ ਗੁਣਾ ਵੱਧ ਸੀ। ਕੋਮੋਰੋਸਕੀ ਦੀ ਲਾਪਰਵਾਹੀ ਕਾਰਨ 34 ਸਾਲਾ ਲਾੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਲਾੜੇ ਦੇ ਦਿਮਾਗ 'ਤੇ ਸੱਟ ਲੱਗੀ ਅਤੇ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਤੋਂ ਬਾਅਦ ਗੱਡੀ 91 ਮੀਟਰ ਦੂਰ ਜਾ ਡਿੱਗੀ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਬਣਾਏ ਗਏ 88 ਲੱਖ ਤੋਂ ਵੱਧ ਘਰ
ਸਜ਼ਾ ਮਿਲਣ ਤੋਂ ਬਾਅਦ ਕੋਮੋਰੋਸਕੀ ਨੇ ਕਿਹਾ, ਮੈਨੂੰ ਪਤਾ ਸੀ ਕਿ ਮੈਂ ਸ਼ਰਾਬ ਦੀ ਆਦੀ ਸੀ ਅਤੇ ਮੈਂ ਇਹ ਨਹੀਂ ਦੇਖਿਆ ਕਿ ਇਸ ਦਾ ਦੂਜਿਆਂ 'ਤੇ ਕੀ ਅਸਰ ਪਵੇਗਾ। ਉਸਨੇ ਇਹ ਵੀ ਵਾਅਦਾ ਕੀਤਾ ਕਿ ਆਪਣੇ ਆਉਣ ਵਾਲੇ ਜੀਵਨ ਵਿੱਚ, ਉਹ ਸ਼ਰਾਬ ਦੇ ਆਦੀ ਲੋਕਾਂ ਦੀ ਮਦਦ ਕਰੇਗੀ ਅਤੇ ਉਹਨਾਂ ਨੂੰ ਡਰਿੰਕ ਐਂਡ ਡਰਾਈਵ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇਣ ਦਾ ਕੰਮ ਸ਼ੁਰੂ ਕਰੇਗੀ। ਉਸ ਨੇ ਕਿਹਾ ਕਿ ਮੈਂ ਜੋ ਕੀਤਾ ਉਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ। ਸੁਣਵਾਈ ਦੌਰਾਨ ਲਾੜੀ ਸਮੰਥਾ ਮਿਲਰ ਦਾ ਪਰਿਵਾਰ ਅਤੇ ਕੋਮੋਰੋਵਸਕੀ ਦਾ ਪਰਿਵਾਰ ਵੀ ਮੌਜੂਦ ਸੀ। ਲਾੜੇ ਐਰਿਕ ਹਚਿਨਸਨ ਨੇ ਸੁਣਵਾਈ ਦੌਰਾਨ ਆਪਣੀ ਪਤਨੀ ਨਾਲ ਬਿਤਾਏ ਆਖਰੀ ਪਲਾਂ ਨੂੰ ਯਾਦ ਕੀਤਾ। ਉਸਨੇ ਕਿਹਾ, ਮੈਨੂੰ ਯਾਦ ਹੈ ਕਿ ਉਸ ਰਾਤ ਗੋਲਫ ਕਾਰਟ ਵਿੱਚ ਸਮੰਥਾ ਨੇ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਇਹ ਰਾਤ ਇਸ ਤਰ੍ਹਾਂ ਚੱਲਦੀ ਰਹੇ ਅਤੇ ਕਦੇ ਖਤਮ ਨਾ ਹੋਵੇ। ਇਸ ਤੋਂ ਬਾਅਦ ਲਾੜੇ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਇਸ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ 'ਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8