ਅਮਰੀਕਾ ਨੇ ਇਰਾਕੀ ਅਮਲਿਆਂ ਨੂੰ ਵਿਵਾਦਤ ਖੇਤਰਾਂ ''ਚ ਗਤੀਵਿਧੀਆਂ ਸੀਮਤ ਕਰਨ ਦੀ ਕੀਤੀ ਅਪੀਲ
Saturday, Oct 21, 2017 - 03:06 PM (IST)
ਵਾਸ਼ਿੰਗਟਨ (ਏ.ਐਫ.ਪੀ.)— ਅਮਰੀਕਾ ਨੇ ਇਰਾਕੀ ਫੈਡਰਲ ਫੋਰਸਾਂ ਨੂੰ ਸ਼ਨੀਵਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਖੇਤਰਾਂ 'ਚ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਜਿਨ੍ਹਾਂ 'ਤੇ ਇਰਾਕ ਅਤੇ ਦੇਸ਼ ਦੇ ਕੁਰਦ ਲੋਕ ਦੋਵੇਂ ਹੀ ਆਪਣਾ ਦਾਅਵਾ ਜਤਾਉਂਦੇ ਹਨ ਤਾਂ ਜੋ ਅਮਰੀਕਾ ਦੇ ਇਨ੍ਹਾਂ ਦੋਹਾਂ ਸਹਿਯੋਗੀਆਂ ਵਿਚਾਲੇ ਵਧ ਰਹੀ ਹਿੰਸਾ ਨੂੰ ਰੋਕਿਆ ਜਾ ਸਕੇ। ਇਰਾਕੀ ਫੋਰਸ ਅਤੇ ਕੁਰਦ ਫੋਰਸ ਵਿਚਾਲੇ ਕਲ ਉੱਤਰੀ ਸੂਬੇ ਕਿਰਕੁਰ 'ਚ ਮੁਕਾਬਲਾ ਹੋਇਆ ਸੀ। ਇਹ ਮੁਕਾਬਲਾ ਉਸ ਮੁਹਿੰਮ ਦਾ ਹਿੱਸਾ ਹੈ, ਜਿਸ ਰਾਹੀਂ ਇਰਾਕ ਕੁਝ ਹੀ ਦਿਨਾਂ 'ਚ ਇਸ ਵਿਵਾਦਤ ਖੇਤਰ ਦੇ ਵੱਡੇ ਹਿੱਸੇ ਨੂੰ ਕੁਰਦ ਲੋਕਾਂ ਦੇ ਕਬਜ਼ੇ ਤੋਂ ਮੁਕਤ ਕਰਵਾ ਲਵੇਗਾ। ਇਸਲਾਮਿਕ ਸਟੇਟ ਦੇ ਖਿਲਾਫ ਸੰਘਰਸ਼ 'ਚ ਫੈਡਰਲ ਅਤੇ ਕੁਰਦ ਫੋਰਸ ਦੋਵੇਂ ਹੀ ਅਮਰੀਕਾ ਦੇ ਪ੍ਰਮੁੱਖ ਸਹਿਯੋਗੀ ਰਹੇ ਹਨ ਪਰ ਅਮਰੀਕਾ ਵੀ ਇਨ੍ਹਾਂ ਦੋਹਾਂ ਧਿਰਾਂ ਵਿਚਾਲੇ ਲੰਬੇ ਸਮੇਂ ਤੋਂ ਚਲ ਰਹੇ ਖੇਤਰੀ ਅਤੇ ਵਿੱਤੀ ਵਿਵਾਦਾਂ ਨੂੰ ਸੁਲਝਾ ਨਹੀਂ ਸਕਿਆ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਣ ਹੀਥਰ ਨੋਰਟ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕਿਸੇ ਵੀ ਗਲਤਫਹਿਮੀ ਜਾਂ ਹੋਰ ਜ਼ਿਆਦਾ ਟਕਰਾਅ ਨੂੰ ਰੋਕਣ ਦੇ ਘੱਟੋ-ਘੱਟ ਕੇਂਦਰੀ ਸਰਕਾਰ ਤੋਂ ਸਥਿਤੀ ਨੂੰ ਸ਼ਾਂਤ ਕਰਨ ਲਈ ਵਿਵਾਦਤ ਖੇਤਰਾਂ 'ਚ ਫੈਡਰਲ ਫੋਰਸਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕਰਦੇ ਹਨ। ਨੋਰਟ ਨੇ ਕਿਹਾ ਕਿ ਅਮਰੀਕਾ ਇਹ ਵੀ ਅਪੀਲ ਕਰਦਾ ਹੈ ਕਿ ਸਾਰੀਆਂ ਧਿਰਾਂ ਹਰ ਤਰ੍ਹਾਂ ਦੀ ਹਿੰਸਾ ਅਤੇ ਉਕਸਾਵੇ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਆਪਣੀਆਂ ਗਤੀਵਿਧੀਆਂ ਨੂੰ ਤਾਲਮੇਲ ਨਾਲ ਨੇਪਰੇ ਚਾੜ੍ਹਣ।
