ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ''ਤੇ ਅਮਰੀਕਾ ਲਗਾਏਗਾ 25 ਫ਼ੀਸਦੀ ਵਾਧੂ ਟੈਰਿਫ ! ਜਾਣੋ ਭਾਰਤ ''ਤੇ ਕੀ ਪਏਗਾ ਅਸਰ
Tuesday, Jan 13, 2026 - 11:57 AM (IST)
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਈਰਾਨ ਨੂੰ ਚੌਤਰਫਾ ਘੇਰਦਿਆਂ ਇਕ ਵੱਡਾ ਫੈਸਲਾ ਲਿਆ ਹੈ। ਟ੍ਰੰਪ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਦੇਸ਼ ਈਰਾਨ ਨਾਲ ਵਪਾਰ ਕਰੇਗਾ, ਉਸ ਨੂੰ ਅਮਰੀਕਾ ਨਾਲ ਹੋਣ ਵਾਲੇ ਵਪਾਰ ’ਤੇ 25 ਫੀਸਦੀ ਵਾਧੂ ਟੈਰਿਫ (ਟੈਕਸ) ਦੇਣਾ ਪਵੇਗਾ। ਟ੍ਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' ’ਤੇ ਲਿਖਿਆ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਇਹ ਅੰਤਿਮ ਤੇ ਨਿਰਣਾਇਕ ਹੈ। ਟ੍ਰੰਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਭਾਰਤ ਅਤੇ ਚੀਨ ਸਮੇਤ ਕਈ ਵੱਡੇ ਦੇਸ਼ਾਂ ’ਤੇ ਪੈਣ ਦੀ ਸੰਭਾਵਨਾ ਹੈ।
ਭਾਰਤ ਲਈ ਵਧ ਸਕਦੀਆਂ ਹਨ ਮੁਸ਼ਕਿਲਾਂ
ਈਰਾਨ ਭਾਰਤ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਵਿਚੋਂ ਇੱਕ ਹੈ। ਵਿੱਤੀ ਸਾਲ 2024-25 ਵਿਚ ਭਾਰਤ ਅਤੇ ਈਰਾਨ ਵਿਚਕਾਰ ਕੁੱਲ ਵਪਾਰ ਲਗਭਗ 1.68 ਅਰਬ ਡਾਲਰ (ਕਰੀਬ 14,000 - 15,000 ਕਰੋੜ ਰੁਪਏ) ਰਿਹਾ। ਭਾਰਤ ਵੱਲੋਂ ਈਰਾਨ ਨੂੰ ਮੁੱਖ ਤੌਰ ’ਤੇ ਆਰਗੈਨਿਕ ਕੈਮੀਕਲਜ਼ (512.92 ਮਿਲੀਅਨ ਡਾਲਰ), ਫਲ, ਮੇਵੇ ਅਤੇ ਖਣਿਜ ਤੇਲ ਨਿਰਯਾਤ ਕੀਤੇ ਜਾਂਦੇ ਹਨ। ਜੇਕਰ ਅਮਰੀਕਾ ਭਾਰਤੀ ਸਮਾਨ ’ਤੇ 25 ਫੀਸਦੀ ਟੈਰਿਫ ਲਗਾਉਂਦਾ ਹੈ, ਤਾਂ ਇਸ ਨਾਲ ਦੁਵੱਲੇ ਵਪਾਰ ਵਿਚ ਵੱਡੀ ਰੁਕਾਵਟ ਆ ਸਕਦੀ ਹੈ।
ਰੂਸੀ ਤੇਲ ਕਾਰਨ ਪਹਿਲਾਂ ਹੀ ਲੱਗ ਚੁੱਕਾ ਹੈ ਟੈਕਸ
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਰੂਸੀ ਤੇਲ ਦੀ ਖਰੀਦ ਕਾਰਨ ਭਾਰਤੀ ਸਮਾਨ ’ਤੇ ਪਹਿਲਾਂ ਹੀ 50 ਫੀਸਦੀ ਤੱਕ ਦਾ ਟੈਰਿਫ ਲਗਾਇਆ ਹੋਇਆ ਹੈ। ਹਾਲਾਂਕਿ, ਭਾਰਤ ਅਤੇ ਅਮਰੀਕਾ ਵਿਚਕਾਰ ਇਕ ਨਵੇਂ ਵਪਾਰ ਸਮਝੌਤੇ ’ਤੇ ਗੱਲਬਾਤ ਚੱਲ ਰਹੀ ਹੈ, ਜੇਕਰ ਇਹ ਸਿਰੇ ਚੜ੍ਹਦਾ ਹੈ ਤਾਂ ਭਾਰਤ ਨੂੰ ਟੈਰਿਫ ਵਿਚ ਰਾਹਤ ਮਿਲ ਸਕਦੀ ਹੈ।
ਈਰਾਨ ’ਤੇ ਵਧ ਰਿਹਾ ਹੈ ਅੰਤਰਰਾਸ਼ਟਰੀ ਦਬਾਅ
ਟ੍ਰੰਪ ਦਾ ਇਹ ਕਦਮ ਈਰਾਨ ਦੀ ਖਾਮੇਨੇਈ ਸਰਕਾਰ ’ਤੇ ਦਬਾਅ ਵਧਾਉਣ ਲਈ ਚੁੱਕਿਆ ਗਿਆ ਹੈ, ਜੋ ਦੇਸ਼ ਅੰਦਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਹਿੰਸਕ ਤਰੀਕੇ ਨਾਲ ਦਬਾ ਰਹੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਅਨੁਸਾਰ ਅਮਰੀਕਾ ਕੋਲ ਈਰਾਨ ਵਿਰੁੱਧ ਹਵਾਈ ਹਮਲੇ ਦਾ ਵਿਕਲਪ ਵੀ ਮੌਜੂਦ ਹੈ ਪਰ ਫਿਲਹਾਲ ਰਾਜਨੀਤਿਕ ਗੱਲਬਾਤ ਦੇ ਰਸਤੇ ਵੀ ਖੁੱਲ੍ਹੇ ਹਨ।
