ਅਮਰੀਕਾ ’ਤੇ ਵੈਨੇਜ਼ੁਏਲਾ ’ਚ ‘ਸੋਨਿਕ’ ਹਥਿਆਰ ਇਸਤੇਮਾਲ ਕਰਨ ਦਾ ਦੋਸ਼
Monday, Jan 12, 2026 - 05:02 AM (IST)
ਵਾਸ਼ਿੰਗਟਨ - ਅਮਰੀਕਾ ’ਤੇ ਵੈਨੇਜ਼ੁਏਲਾ ’ਚ ਸੋਨਿਕ ਹਥਿਆਰ ਇਸਤੇਮਾਲ ਕਰਨ ਦਾ ਦੋਸ਼ ਲੱਗਾ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਇਸ ਆਪ੍ਰੇਸ਼ਨ ਦੌਰਾਨ ਅਮਰੀਕੀ ਫੌਜ ਨੇ ਇਕ ਬੇਹੱਦ ਸ਼ਕਤੀਸ਼ਾਲੀ ਅਤੇ ਹੁਣ ਤੱਕ ਨਾ ਦੇਖੇ ਗਏ ਹਥਿਆਰ ਦਾ ਇਸਤੇਮਾਲ ਕੀਤਾ, ਜਿਸ ਨਾਲ ਵੈਨੇਜ਼ੁਏਲਾ ਦੇ ਫੌਜੀ ਪੂਰੀ ਤਰ੍ਹਾਂ ਬੇਵੱਸ ਹੋ ਗਏ ਸਨ। ਇਕ ਵੈਨੇਜ਼ੁਏਲਾਈ ਸੁਰੱਖਿਆ ਗਾਰਡ ਨੇ ਕਿਹਾ ਕਿ ਆਪ੍ਰੇਸ਼ਨ ਸ਼ੁਰੂ ਹੁੰਦੇ ਹੀ ਉਨ੍ਹਾਂ ਦੇ ਸਾਰੇ ਰਡਾਰ ਸਿਸਟਮ ਅਚਾਨਕ ਬੰਦ ਹੋ ਗਏ। ਇਸ ਦੇ ਕੁਝ ਹੀ ਸੈਕਿੰਡ ਬਾਅਦ ਉਨ੍ਹਾਂ ਨੇ ਆਸਮਾਨ ’ਚ ਵੱਡੀ ਗਿਣਤੀ ’ਚ ਡਰੋਨ ਉੱਡਦੇ ਦੇਖੇ। ਗਾਰਡ ਮੁਤਾਬਕ ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਕਿ ਇਸ ਹਾਲਾਤ ’ਚ ਕੀ ਕੀਤਾ ਜਾਵੇ।
ਗਾਰਡ ਨੇ ਅੱਗੇ ਦਾਅਵਾ ਕੀਤਾ ਕਿ ਆਪ੍ਰੇਸ਼ਨ ਦੌਰਾਨ ਅਮਰੀਕੀ ਫੌਜ ਨੇ ਇਕ ਸੀਕ੍ਰੇਟ ਇਕਵਿਪਮੈਂਟ ਦਾ ਇਸਤੇਮਾਲ ਕੀਤਾ। ਇਹ ਕਿਸੇ ਬਹੁਤ ਤੇਜ਼ ਆਵਾਜ਼ ਜਾਂ ਤਰੰਗ (ਸਾਊਂਡ ਵੇਵ) ਵਰਗਾ ਸੀ। ਇਸ ਦੇ ਤੁਰੰਤ ਬਾਅਦ ਉਸ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਸ ਦਾ ਸਿਰ ਅੰਦਰੋਂ ਫਟ ਰਿਹਾ ਹੋਵੇ। ਕਈ ਫੌਜੀਆਂ ਦੇ ਨੱਕ ’ਚੋਂ ਖ਼ੂਨ ਵਗਣ ਲੱਗਾ ਅਤੇ ਕੁਝ ਨੂੰ ਖ਼ੂਨ ਦੀਆਂ ਉਲਟੀਆਂ ਆਈਆਂ। ਸਾਰੇ ਫੌਜੀ ਜ਼ਮੀਨ ’ਤੇ ਡਿੱਗ ਪਏ ਅਤੇ ਕੋਈ ਵੀ ਖੜ੍ਹੇ ਹੋਣ ਦੀ ਹਾਲਤ ’ਚ ਨਹੀਂ ਸੀ। ਗਾਰਡ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਇਹ ਕੋਈ ਸੋਨਿਕ ਹਥਿਆਰ ਸੀ ਜਾਂ ਕੁਝ ਹੋਰ।
ਅਮਰੀਕਾ ਨੇ ਆਪ੍ਰੇਸ਼ਨ ’ਚ ਸਿਰਫ਼ 8 ਹੈਲੀਕਾਪਟਰ ਵਰਤੇ
ਨਿਊਯਾਰਕ ਪੋਸਟ ਮੁਤਾਬਕ ਇਸ ਆਪ੍ਰੇਸ਼ਨ ’ਚ ਅਮਰੀਕਾ ਨੇ ਸਿਰਫ਼ 8 ਹੈਲੀਕਾਪਟਰ ਇਸਤੇਮਾਲ ਕੀਤੇ ਸਨ, ਜਿਨ੍ਹਾਂ ਤੋਂ ਕਰੀਬ ਵੀਹ ਫੌਜੀ ਉਤਰੇ। ਗਿਣਤੀ ਘੱਟ ਹੋਣ ਦੇ ਬਾਵਜੂਦ ਅਮਰੀਕੀ ਫੌਜੀਆਂ ਨੇ ਬਹੁਤ ਜਲਦੀ ਪੂਰੇ ਇਲਾਕੇ ’ਤੇ ਕੰਟਰੋਲ ਹਾਸਲ ਕਰ ਲਿਆ। ਗਾਰਡ ਨੇ ਕਿਹਾ ਕਿ ਅਮਰੀਕੀ ਫੌਜੀ ਤਕਨੀਕ ਦੇ ਮਾਮਲੇ ’ਚ ਬੇਹੱਦ ਅੱਗੇ ਸਨ।
ਗਾਰਡ ਨੇ ਇਸ ਮੁਕਾਬਲੇ ਨੂੰ ਲੜਾਈ ਨਹੀਂ ਸਗੋਂ ਇਕਤਰਫ਼ਾ ਹਮਲਾ ਦੱਸਿਆ। ਵੈਨੇਜ਼ੁਏਲਾ ਦੀ ਵੱਲੋਂ ਸੈਂਕੜੇ ਜਵਾਨ ਮੌਜੂਦ ਸਨ ਪਰ ਫਿਰ ਵੀ ਉਹ ਟਿਕ ਨਹੀਂ ਸਕੇ। ਅਮਰੀਕੀ ਫੌਜੀ ਬਹੁਤ ਤੇਜ਼ ਅਤੇ ਸਹੀ ਤਰੀਕੇ ਨਾਲ ਫਾਇਰਿੰਗ ਕਰ ਰਹੇ ਸਨ, ਜਿਸ ਨਾਲ ਮੁਕਾਬਲਾ ਨਾਮੁਮਕਿਨ ਹੋ ਗਿਆ।
ਅਮਰੀਕੀ ਹਮਲੇ ’ਚ ਵੈਨੇਜ਼ੁਏਲਾ ਦੇ 100 ਫੌਜੀਆਂ ਦੀ ਹੋਈ ਸੀ ਮੌਤ
ਵ੍ਹਾਈਟ ਹਾਊਸ ਵੱਲੋਂ ਇਸ ਗੱਲ ’ਤੇ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ ਕਿ ਪ੍ਰੈੱਸ ਸਕੱਤਰ ਵੱਲੋਂ ਸਾਂਝੀ ਕੀਤੀ ਇਸ ਪੋਸਟ ਨੂੰ ਸਰਕਾਰੀ ਪੁਸ਼ਟੀ ਮੰਨਿਆ ਜਾਵੇ ਜਾਂ ਨਹੀਂ। ਉਥੇ ਹੀ ਵੈਨੇਜ਼ੁਏਲਾ ਦੇ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ 3 ਜਨਵਰੀ ਨੂੰ ਹੋਈ ਇਸ ਕਾਰਵਾਈ ’ਚ ਕਰੀਬ 100 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਈ ਸੀ, ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਇਨ੍ਹਾਂ ’ਚੋਂ ਕਿੰਨੀਆਂ ਮੌਤਾਂ ਇਸ ਸੀਕ੍ਰੇਟ ਹਥਿਆਰ ਨਾਲ ਹੋਈਆਂ ਸਨ।
