...ਤਾਂ ਟੁੱਟਿਆ ਭਾਰਤ-ਅਮਰੀਕਾ ਦਾ ਵਪਾਰ ਸਮਝੌਤਾ, ਅਮਰੀਕੀ ਵਣਜ ਸਕੱਤਰ ਦਾ ਵੱਡਾ ਦਾਅਵਾ
Saturday, Jan 10, 2026 - 03:27 PM (IST)
ਵਾਸ਼ਿੰਗਟਨ : ਅਮਰੀਕਾ ਦੇ ਵਣਜ ਸਕੱਤਰ ਹੋਵਰਡ ਲੁਟਨਿਕ ਨੇ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਸਿਰਫ ਇਸ ਲਈ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਨਹੀਂ ਕੀਤਾ।
ਰੂਸੀ ਤੇਲ ਤੇ ਟੈਰਿਫ ਦਾ ਵਿਵਾਦ
ਲੁਟਨਿਕ ਦੇ ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਵਾਸ਼ਿੰਗਟਨ ਭਾਰਤ ਤੋਂ ਆਉਣ ਵਾਲੀਆਂ ਵਸਤੂਆਂ 'ਤੇ ਬਹੁਤ ਤੇਜ਼ੀ ਨਾਲ ਟੈਰਿਫ (ਟੈਕਸ) ਵਧਾ ਸਕਦਾ ਹੈ। ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 50 ਫੀਸਦੀ ਟੈਰਿਫ ਦੇ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਦੇ ਛੇ ਦੌਰ ਹੋ ਚੁੱਕੇ ਸਨ।
ਭਾਰਤ ਦੀ 'ਅਸਹਿਜਤਾ' ਬਣੀ ਰੁਕਾਵਟ
ਇੱਕ ਪੋਡਕਾਸਟ ਦੌਰਾਨ ਲੁਟਨਿਕ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਪੀਐੱਮ ਮੋਦੀ ਨੂੰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ, ਉਨ੍ਹਾਂ ਅਨੁਸਾਰ ਭਾਰਤ ਅਜਿਹਾ ਕਰਨ 'ਚ 'ਅਸਹਿਜ' ਮਹਿਸੂਸ ਕਰ ਰਿਹਾ ਸੀ, ਜਿਸ ਕਾਰਨ ਮੋਦੀ ਨੇ ਫੋਨ ਨਹੀਂ ਕੀਤਾ।
ਦੂਜੇ ਦੇਸ਼ਾਂ ਨੇ ਮਾਰੀ ਬਾਜ਼ੀ
ਅਮਰੀਕੀ ਵਣਜ ਸਕੱਤਰ ਨੇ ਦੱਸਿਆ ਕਿ ਅਮਰੀਕਾ ਨੇ ਇੰਡੋਨੇਸ਼ੀਆ, ਫਿਲੀਪੀਨਜ਼ ਤੇ ਵੀਅਤਨਾਮ ਨਾਲ ਵਪਾਰਕ ਸਮਝੌਤੇ ਕੀਤੇ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਭਾਰਤ ਨਾਲ ਇਹ ਸਮਝੌਤਾ ਸਭ ਤੋਂ ਪਹਿਲਾਂ ਹੋਵੇਗਾ, ਪਰ ਦੇਰੀ ਕਾਰਨ ਦੂਜੇ ਦੇਸ਼ਾਂ ਨਾਲ ਉੱਚੀਆਂ ਦਰਾਂ 'ਤੇ ਸੌਦੇ ਹੋ ਗਏ। ਜਦੋਂ ਭਾਰਤ ਨੇ ਬਾਅਦ ਵਿੱਚ ਵਾਪਸੀ ਕੀਤੀ ਤਾਂ ਸਥਿਤੀ ਬਦਲ ਚੁੱਕੀ ਸੀ।
ਰਿਸ਼ਤਿਆਂ 'ਚ ਆਈ ਤਲਖੀ
ਸੂਤਰਾਂ ਅਨੁਸਾਰ, ਇਸ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਭਾਰਤ ਪ੍ਰਤੀ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਤਣਾਅ ਇੰਨਾ ਵਧ ਗਿਆ ਕਿ ਟਰੰਪ ਨੇ ਭਾਰਤੀ ਅਰਥਵਿਵਸਥਾ ਨੂੰ 'ਮਰੀ ਹੋਈ ਆਰਥਿਕਤਾ' (Dead Economy) ਤੱਕ ਕਹਿ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
