ਹੁਣ ਭਾਰਤ 'ਤੇ 500 ਫ਼ੀਸਦੀ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਨਵੇਂ ਬਿੱਲ ਨੂੰ ਦੇ'ਤੀ ਮਨਜ਼ੂਰੀ
Thursday, Jan 08, 2026 - 12:34 PM (IST)
ਇੰਟਰਨੈਸ਼ਨਲ ਡੈਸਕ- ਟਰੰਪ ਦੀ ਚਿਤਾਵਨੀ ਤੋਂ ਬਾਅਦ ਬੇਸ਼ੱਕ ਭਾਰਤ ਨੇ ਰੂਸ ਤੋਂ ਤੇਲ ਦੀ ਆਮਦ ਘਟਾ ਦਿੱਤੀ ਹੈ, ਪਰ ਇਸ ਦੇ ਬਾਵਜੂਦ ਵੀ ਅਮਰੀਕੀ ਪ੍ਰਸ਼ਾਸਨ ਭਾਰਤ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ, ਚੀਨ ਤੇ ਬ੍ਰਾਜ਼ੀਲ ਵਰਗੇ ਦੇਸ਼ ਰੂਸ ਤੋਂ ਜੋ ਤੇਲ ਖਰੀਦਦੇ ਹਨ, ਉਸ ਕਮਾਈ ਨੂੰ ਰੂਸ ਜੰਗ ਲਈ ਵਰਤ ਰਿਹਾ ਹੈ, ਜਿਸ ਕਾਰਨ ਉਹ ਰੂਸ ਦੇ ਭਾਈਵਾਲ ਦੇਸ਼ਾਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕਰ ਸਕਦੇ ਹਨ। ਉਹ ਚਾਹੁੰਦੇ ਹਨ ਕਿ ਇਹ ਦੇਸ਼ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣ।
ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਖ਼ਿਲਾਫ਼ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਦੁਵੱਲੇ ਪਾਬੰਦੀ ਵਾਲੇ ਬਿੱਲ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਬਿੱਲ ਰਾਹੀਂ ਰੂਸ ਦੇ ਵਪਾਰਕ ਹਿੱਸੇਦਾਰਾਂ 'ਤੇ ਭਾਰੀ ਟੈਰਿਫ਼ ਲਗਾਉਣ ਦੀ ਤਿਆਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- 'ਮਜ਼ਾ ਨਾ ਚਖਾਇਆ ਤਾਂ ਪੈਸੇ ਵਾਪਸ..!', ਪਾਕਿ ਫੌਜ ਬੁਲਾਰੇ ਦਾ ਭਾਰਤ ਤੇ ਅਫ਼ਗਾਨਿਸਤਾਨ ਨੂੰ Open Challenge
ਸੈਨੇਟਰ ਲਿੰਡਸੇ ਗ੍ਰਾਹਮ ਅਤੇ ਰਿਚਰਡ ਬਲੂਮੈਂਥਲ ਦੁਆਰਾ ਤਿਆਰ ਕੀਤੇ ਗਏ ਇਸ ਬਿੱਲ ਦੇ ਤਹਿਤ, ਅਮਰੀਕਾ ਉਨ੍ਹਾਂ ਦੇਸ਼ਾਂ 'ਤੇ 500 ਫੀਸਦੀ ਤੱਕ ਟੈਰਿਫ ਅਤੇ ਸੈਕੰਡਰੀ ਪਾਬੰਦੀਆਂ ਲਗਾ ਸਕਦਾ ਹੈ ਜੋ ਰੂਸ ਤੋਂ ਤੇਲ, ਗੈਸ, ਯੂਰੇਨੀਅਮ ਅਤੇ ਹੋਰ ਵਸਤੂਆਂ ਖਰੀਦਦੇ ਹਨ। ਸੈਨੇਟਰ ਗ੍ਰਾਹਮ ਅਨੁਸਾਰ, ਇਸ ਬਿੱਲ ਦੀ ਵਰਤੋਂ ਭਾਰਤ, ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਲਈ ਕੀਤੀ ਜਾ ਸਕਦੀ ਹੈ, ਜੋ ਰੂਸੀ ਤੇਲ ਦੀ ਖਰੀਦ ਜਾਰੀ ਰੱਖ ਰਹੇ ਹਨ।
ਇਸ ਬਿੱਲ ਦਾ ਮੁੱਖ ਉਦੇਸ਼ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 'ਜੰਗੀ ਮਸ਼ੀਨ' ਨੂੰ ਮਿਲਣ ਵਾਲੀ ਵਿੱਤੀ ਮਦਦ ਨੂੰ ਰੋਕਣਾ ਅਤੇ ਮਾਸਕੋ ਦੀ ਆਰਥਿਕਤਾ ਨੂੰ ਕਮਜ਼ੋਰ ਕਰਨਾ ਹੈ, ਤਾਂ ਜੋ ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਦਬਾਅ ਬਣਾਇਆ ਜਾ ਸਕੇ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਟਰੰਪ ਪ੍ਰਸ਼ਾਸਨ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਇੱਕ ਸ਼ਾਂਤੀ ਸਮਝੌਤੇ 'ਤੇ ਕੰਮ ਕਰ ਰਹੇ ਹਨ। ਗ੍ਰਾਹਮ ਮੁਤਾਬਕ, ਇਹ ਬਿੱਲ ਸਹੀ ਸਮੇਂ 'ਤੇ ਆਇਆ ਹੈ ਕਿਉਂਕਿ ਯੂਕ੍ਰੇਨ ਸ਼ਾਂਤੀ ਲਈ ਸਮਝੌਤੇ ਕਰ ਰਿਹਾ ਹੈ ਜਦੋਂ ਕਿ ਰੂਸ ਵੱਲੋਂ ਲਗਾਤਾਰ ਹਮਲੇ ਜਾਰੀ ਹਨ।
ਵਾਈਟ ਹਾਊਸ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ ਅਤੇ ਸੈਨੇਟ ਵਿੱਚ ਇਸ 'ਤੇ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਵੋਟਿੰਗ ਹੋ ਸਕਦੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਲਈ ਅਮਰੀਕਾ ਨਾਲ ਸਬੰਧਾਂ ਵਿੱਚ ਵੱਡੀ ਚੁਣੌਤੀ ਪੈਦਾ ਹੋ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
