ਅਮਰੀਕੀ ਸੈਨੇਟ ਨੇ ਚੀਨ ਦੀ ਜਵਾਬਦੇਹੀ ਲਈ ਬਿੱਲ ਕੀਤਾ ਪਾਸ, ਉਈਗਰਾਂ ਦਾ ਦਿੱਤਾ ਸਾਥ
Friday, May 15, 2020 - 09:28 AM (IST)
ਵਾਸ਼ਿੰਗਟਨ- ਅਮਰੀਕੀ ਸੈਨੇਟ ਨੇ ਸ਼ੁੱਕਰਵਾਰ ਨੂੰ ਇਕ ਬਿੱਲ ਪਾਸ ਕੀਤਾ ਜਿਸ ਵਿਚ ਚੀਨੀ ਕਮਿਊਨਿਸਟ ਸਰਕਾਰ ਨੇ ਉਈਗਰਾਂ ਅਤੇ ਹੋਰ ਮੁਸਲਿਮ ਘੱਟ ਗਿਣਤੀ ਸਮੂਹਾਂ ਖਿਲਾਫ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਜਵਾਬ ਮੰਗਿਆ ਹੈ। ਸੈਨੇਟ ਨੇ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ ਅਤੇ ਹੁਣ ਇਹ ਵਿਚਾਰ-ਵਟਾਂਦਰੇ ਲਈ ਹਾਊਸ ਆਫ ਰੀਪ੍ਰੈਜ਼ੈਂਟੇਟਿਵ ਕੋਲ ਜਾਵੇਗਾ। ਇਸ ਬਿੱਲ ਵਿਚ ਚੀਨ ਦੇ ਸ਼ਿਨਜਿਆਂਗ ਸ਼ਹਿਰ ਵਿਚ ਤੁਰਕ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਨਿੰਦਾ ਕੀਤੀ ਗਈ ਹੈ ਅਤੇ ਚੀਨ ਵਿਚ ਇਨ੍ਹਾਂ ਭਾਈਚਾਰਿਆਂ ਨਾਲ ਹੋ ਰਹੇ ਜ਼ੁਲਮ ਨੂੰ ਖਤਮ ਕਰਨ ਦੀ ਵੀ ਅਪੀਲ ਕੀਤੀ ਹੈ।
ਉਈਗਰਾਂ ਨੇ 1930 ਤੋਂ 1940 ਤੱਕ ਚੀਨ ਤੋਂ ਆਜ਼ਾਦੀ ਦੀ ਮੰਗ ਕੀਤੀ। ਹਾਲ ਹੀ ਦੇ ਸਾਲਾਂ ਵਿਚ ਚੀਨੀ ਸਰਕਾਰ ਨੇ ਇਸ ਖੇਤਰ ਵਿਚ ਸਖਤ ਪਾਬੰਦੀਆਂ ਲਗਾ ਕੇ ਅੱਤਵਾਦੀਆਂ ਵਿਰੁੱਧ ਆਪਣੀ ਲੜਾਈ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਜਾਇਜ਼ ਠਹਿਰਾਇਆ ਹੈ। ਪਿਛਲੇ ਸਾਲ ਦੀ ਤਰ੍ਹਾਂ ਚੀਨ ਨੇ ਦਹਿਸ਼ਤਗਰਦੀ ਅਤੇ ਧਾਰਮਿਕ ਅੱਤਵਾਦ ਵਿਰੁੱਧ ਲੜਨ ਦੇ ਬਹਾਨੇ 10 ਲੱਖ ਜਾਤੀ ਉਈਗਰ ਅਤੇ ਹੋਰ ਤੁਰਕ ਮੁਸਲਮਾਨਾਂ ਨੂੰ ‘ਮੁੜ-ਸਿਖਲਾਈ ਕੈਂਪਾਂ’ ਵਿੱਚ ਰੱਖਿਆ, ਜਿਸ ਲਈ ਇਸ ਦੀ ਆਲੋਚਨਾ ਹੋ ਰਹੀ ਹੈ।