ਅਮਰੀਕੀ ਸੈਨੇਟ ਨੇ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

03/07/2021 11:06:34 AM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨੇਟ ਨੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਨ ਲਈ ਸ਼ਨੀਵਾਰ ਨੂੰ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੇ ਡੈਮੋਕ੍ਰੈਟਿਕ ਸਹਿਯੋਗੀਆਂ ਦੀ ਜਿੱਤ ਮੰਨਿਆ ਜਾ ਰਿਹਾ ਹੈ। ਬਾਈਡੇਨ ਮਹਾਮਾਰੀ ਨਾਲ ਨਜਿੱਠਣ ਅਤੇ ਆਰਥਿਕ ਮੰਦੀ ਤੋਂ ਦੇਸ਼ ਨੂੰ ਬਾਹਰ ਕੱਡਣ ਲਈ ਇਸ ਬਿੱਲ ਨੂੰ ਮਹੱਤਵਪੂਰਨ ਦੱਸਦੇ ਰਹੇ ਹਨ।

ਸੈਨੇਟ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ
ਸੈਨੇਟ ਨੇ 49 ਦੇ ਮੁਕਾਬਲੇ 50 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਰੀਪਬਲਿਕਨ ਪਾਰਟੀ ਦੇ ਮੈਂਬਰ ਡੈਨ ਸੁਲਿਵਨ ਵੋਟਿੰਗ ਵਿਚ ਹਿੱਸਾ ਨਹੀਂ ਲੈ ਪਾਏ ਕਿਉਂਕਿ ਉਹਨਾਂ ਨੂੰ ਆਪਣੇ ਸਹੁਰੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਜਾਣਾ ਪਿਆ ਸੀ। ਸੈਨੇਟ ਵਿਚ ਸ਼ੁੱਕਰਵਾਰ ਰਾਤ ਵੀ ਸੋਧ ਪੇਸ਼ ਹੋਏ, ਜਿਹਨਾਂ ਵਿਚੋਂ ਜ਼ਿਆਦਾਤਰ ਸੋਧ ਰੀਪਬਲਿਕਨ ਪਾਰਟੀ ਨੇ ਪੇਸ਼ ਕੀਤੇ ਅਤੇ ਸਾਰੇ ਸੋਧ ਖਾਰਿਜ ਕਰ ਦਿੱਤੇ ਗਏ। ਸਾਰੀ ਰਾਤ ਜਾਗਣ ਦੇ ਬਾਅਦ ਸੈਨੇਟ ਨੇ ਸ਼ਨੀਵਾਰ ਦੁਪਹਿਰ ਨੂੰ ਬਿੱਲ ਨੂੰ ਮਨਜ਼ੂਰੀ ਦਿੱਤੀ। ਹੁਣ ਇਸ ਬਿੱਲ ਨੂੰ ਅਗਲੇ ਹਫ਼ਤੇ ਮਨਜ਼ੂਰੀ ਲਈ ਪ੍ਰਤੀਨਿਧੀ ਸਭਾ ਭੇਜਿਆ ਜਾਵੇਗਾ, ਜਿਸ ਮਗਰੋਂ ਇਸ ਨੂੰ ਬਾਈਡੇਨ ਕੋਲ ਉਹਨਾਂ ਦੇ ਦਸਤਖ਼ਤ ਲਈ ਭੇਜਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਦਿਆਰਥਣ 'ਯੂਰਪ ਮੈਥ ਉਲੰਪੀਆਡ' ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀ ਮੈਂਬਰ

ਸੁਸਤ ਅਰਥਵਿਵਸਥਾ ਨੂੰ ਮਿਲੇਗੀ ਗਤੀ
ਸੈਨੇਟ ਵਿਰ ਰੀਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ 50-50 ਮੈਂਬਰ ਹਨ ਅਤੇ ਕਿਸੇ ਬਿੱਲ ਦੇ ਪੱਖ ਜਾਂ ਵਿਰੋਧ ਵਿਚ ਬਰਾਬਰ ਵੋਟ ਪੈਣ 'ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਲ ਫੈਸਲਾਕੁੰਨ ਵੋਟ ਦੇਣ ਦਾ ਅਧਿਕਾਰ ਹੈ। ਅਜਿਹੇ ਵਿਚ ਇਸ ਬਿੱਲ ਨੂੰ ਪਾਸ ਕਰਾਉਣਾ ਬਾਈਡੇਨ ਅਤੇ ਡੈਮੋਕ੍ਰੈਟਿਕ ਪਾਰਟੀ ਲਈ ਇਕ ਮਹੱਤਵਪੂਰਨ ਰਾਜਨੀਤਕ ਉਪਲਬਧੀ ਵੀ ਹੈ। ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੈਟਿਕ ਪਾਰਟੀ ਕੋਲ 10 ਮੈਂਬਰਾਂ ਦੀ ਮਾਮੂਲੀ ਬੜਤ ਹੈ। ਇਸ ਬਿੱਲ ਨੂੰ ਪਾਸ ਕਰਨਾ ਬਾਈਡੇਨ ਦੀ ਸਭ ਤੋਂ ਵੱਡੀ ਸ਼ੁਰੂਆਤੀ ਤਰਜੀਹ ਹੈ। ਇਸ ਬਿੱਲ ਦੇ ਤਹਿਤ ਪੂਰੀ ਅਮਰੀਕੀ ਅਰਥਵਿਵਸਥਾ ਦਾ ਕਰੀਬ 10ਵਾਂ ਹਿੱਸਾ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਸੁਸਤ ਅਰਥਵਿਵਸਥਾ ਨੂੰ ਗਤੀ ਦੇਣ 'ਤੇ ਖਰਚ ਕੀਤੇ ਜਾਣ ਦੀ ਵਿਵਸਥਾ ਹੈ। 

ਬਾਈਡੇਨ ਨੇ ਕਹੀ ਇਹ ਗੱਲ
ਬਾਈਡੇਨ ਨੇ ਵੋਟਿੰਗ ਦੇ ਬਾਅਦ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਇਸ ਦੇਸ਼ ਨੇ ਬਹੁਤ ਦੇਰ ਤੱਕ ਬਹੁਤ ਕੁਝ ਸਹਿਣ ਕੀਤਾ ਹੈ ਅਤੇ ਇਹ ਪੈਕੇਜ ਇਹਨਾਂ ਮੁਸ਼ਕਲਾਂ ਨੂੰ ਘੱਟ ਕਰਨ, ਦੇਸ਼ ਦੀ ਲੋੜਾਂ ਨੂੰ ਪੂਰਾ ਕਰਨ ਅਤੇ ਸਾਨੂੰ ਬਿਹਤਰ ਸਥਿਤੀ ਵਿਚ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ।'' ਇਸ ਬਿੱਲ ਵਿਚ ਜ਼ਿਆਤਾਰ ਅਮਰੀਕੀ ਨਾਗਰਿਕਾਂ ਨੂੰ ਸਿੱਧੇ 1400 ਡਾਲਰ ਦਾ ਭੁਗਤਾਨ ਕੀਤੇ ਜਾਣ ਅਤੇ ਐਮਰਜੈਂਸੀ ਬੇਰੁਜ਼ਗਾਰੀ ਲਾਭ ਦਿੱਤੇ ਜਾਣ ਦੀ ਵਿਵਸਥਾ ਹੈ।

ਨੋਟ- ਅਮਰੀਕੀ ਸੈਨੇਟ ਵੱਲੋਂ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇਣ ਵਾਲੀ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News