ਖਾੜੀ ਖੇਤਰ ''ਚ ਤਣਾਅ ਲਈ ਅਮਰੀਕਾ ਜ਼ਿੰਮੇਵਾਰ : ਈਰਾਨ
Monday, Aug 05, 2019 - 11:10 PM (IST)

ਵਾਸ਼ਿੰਗਟਨ/ਤਹਿਰਾਨ - ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਖਾੜੀ ਖੇਤਰ 'ਚ ਤਣਾਅ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ਰੀਫ ਨੇ ਖਾੜੀ ਖੇਤਰ 'ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਖਾਰਿਜ਼ ਕਰਦੇ ਹੋਏ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਖਾੜੀ ਦੀ ਸੁਰੱਖਿਆ ਈਰਾਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਕਿਸੇ ਨੂੰ ਖਾੜੀ ਦੇ ਪ੍ਰਸਤਾਵਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।
ਉਨ੍ਹਾਂ ਅੱਗੇ ਆਖਿਆ ਕਿ ਸਮੁੰਦਰੀ ਰਸਤੇ ਦੇ ਮੁੱਦੇ 'ਤੇ ਬ੍ਰਿਟੇਨ ਦਾ ਅਮਰੀਕਾ ਨਾਲ ਗੁਪਤ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਸੀਰੀਆ ਜਾ ਰਹੇ ਈਰਾਨ ਦੇ ਤੇਲ ਟੈਂਕਰ ਨੂੰ ਜ਼ਬਤ ਕਰ ਲਿਆ ਕਿਉਂਕਿ ਯੂਰਪੀ ਸੰਘ ਨੇ ਸੀਰੀਆ ਖਿਲਾਫ ਪਾਬੰਦੀ ਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਉਹ ਜਦ ਹਾਲ ਹੀ ਦੇ ਦਿਨਾਂ 'ਚ ਨਿਊਯਾਰਕ 'ਚ ਸਨ ਤਾਂ ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਸੱਦੇ ਨੂੰ ਸਵੀਕਾਰ ਨਹੀਂ ਕੀਤਾ ਸੀ, ਇਸ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਪਾਬੰਦੀ ਲਾ ਦਿੱਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਲੋਕਾਂ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਵ੍ਹਾਈਟ ਹਾਊਸ ਨਹੀਂ ਜਾਵਾਂਗਾ ਤਾਂ ਉਹ ਇਕ ਜਾਂ 2 ਹਫਤਿਆਂ 'ਚ ਪਾਬੰਦੀ ਲਾ ਦੇਣਗੇ।