200 ਅਰਬ ਡਾਲਰ ਦੇ ਚੀਨੀ ਉਤਪਾਦਾਂ ''ਤੇ 25 ਫੀਸਦੀ ਸ਼ੁਲਕ ਲਾਉਣ ਦੀ ਤਿਆਰੀ ''ਚ ਅਮਰੀਕਾ
Friday, Aug 03, 2018 - 08:16 PM (IST)

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਚੀਨ ਤੋਂ ਦਰਾਮਦ 200 ਅਰਬ ਡਾਲਰ ਮੁੱਲ ਦੇ ਉਤਪਾਦਾਂ 'ਤੇ ਪ੍ਰਸਤਾਵਿਤ 10 ਫੀਸਦੀ ਦਰਾਮਦ ਟੈਕਸ ਨੂੰ ਵਧਾ ਕੇ 25 ਫੀਸਦੀ ਕਰਨ 'ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਮੀਡੀਆ ਮੁਤਾਬਕ ਚੀਨੀ ਉਤਪਾਦਾਂ 'ਤੇ ਸ਼ੁਲਕ ਵਧਾਉਣ ਦੇ ਮਾਮਲੇ 'ਚ ਅਮਰੀਕਾ ਦੇ ਸਖਤ ਰੁਖ ਦਾ ਐਲਾਨ ਬੁੱਧਵਾਰ ਤੱਕ ਹੋ ਸਕਦਾ ਹੈ। ਅਮਰੀਕਾ ਦੇ ਇਸ ਰੁਖ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਦੁਬਾਰਾ ਵਪਾਰਕ ਤਣਾਅ ਵੱਧ ਸਕਦਾ ਹੈ, ਪਰ ਪਹਿਲਾਂ ਹੀ ਇਨ੍ਹਾਂ ਦੋਹਾਂ 'ਚ ਟ੍ਰੇਡ ਵਾਰ ਛਿੱੜੀ ਹੋਈ ਹੈ। ਦੋਹਾਂ ਪੱਖਾਂ ਵਿਚਾਲੇ ਗੱਲਬਾਤ ਨਾਲ ਤਣਾਅ ਘੱਟ ਕਰਨ 'ਚ ਕੋਈ ਖਾਸ ਕਾਮਯਾਬੀ ਨਹੀਂ ਮਿਲੀ। ਚੀਨੀ ਸਰਕਾਰ ਨੇ ਪ੍ਰਤੀਕਿਰਿਆ ਜਾਹਿਰ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਵੱਲੋਂ ਦਰਾਮਦ ਸ਼ੁਲਕ ਲਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੰਮ ਨਹੀਂ ਆਵੇਗੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਆਖਿਆ ਕਿ ਅਮਰੀਕਾ ਵੱਲੋਂ ਬਲੈਕਮੇਲ ਅਤੇ ਦਬਾਅ ਪਾਉਣ ਦੀ ਨੀਤੀ ਚੀਨ 'ਤੇ ਕੰਮ ਨਹੀਂ ਕਰੇਗੀ। ਜੇਕਰ ਉਨ੍ਹਾਂ ਨੇ ਮੁੜ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਨੂੰ ਬਰਕਰਾਰ ਰੱਖਣ ਲਈ ਯਕੀਨਨ ਤੌਰ 'ਤੇ ਜਵਾਬੀ ਕਾਰਵਾਈ ਕਰਾਂਗੇ। ਗੇਂਗ ਸ਼ੁਆਂਗ ਨੇ ਆਖਿਆ ਕਿ ਚੀਨ ਦਾ ਹਮੇਸ਼ਾ ਵਿਸ਼ਵਾਸ ਰਿਹਾ ਹੈ ਕਿ ਵਪਾਰਕ ਵਿਵਾਦਾਂ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ। ਸਾਡੀ ਵਫਾਦਾਰੀ ਅਤੇ ਯਤਨਾਂ ਨੂੰ ਅੰਤਰਰਾਸ਼ਟਰੀ ਭਾਈਚਾਰਾ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ 'ਚ ਅਮਰੀਕਾ ਨੇ 34 ਅਰਬ ਡਾਲਰ ਦੇ ਚੀਨੀ ਉਤਪਾਦਾਂ 'ਤੇ 25 ਫੀਸਦੀ ਦਰਾਮਦ ਸ਼ੁਲਕ ਲਾ ਦਿੱਤਾ, ਜਿਸ ਦੀ ਪ੍ਰਤੀਕਿਰਿਆ 'ਚ ਬੀਜਿੰਗ ਨੇ ਵੀ ਤੁਰੰਤ ਉਨੇ ਹੀ ਮੁੱਲ ਦੇ ਅਮਰੀਕੀ ਉਤਪਾਦਾਂ 'ਤੇ ਦਰਾਮਦ ਸ਼ੁਲਕ ਲਾ ਦਿੱਤਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਦੂਜੇ ਦੌਰ 'ਤੇ 16 ਅਰਬ ਡਾਲਰ ਦੇ ਉਤਪਾਦਾਂ 'ਤੇ ਦਰਾਮਦ ਸ਼ੁਲਕ ਇਸ ਹਫਤੇ ਤੋਂ ਪ੍ਰਭਾਵੀ ਹੋ ਸਕਦਾ ਹੈ।