ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ
Monday, Aug 15, 2022 - 09:25 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਵਧਾਈ ਦਿੱਤੀ ਹੈ। ਬਾਈਡੇਨ ਨੇ ਕਿਹਾ ਹੈ ਕਿ ਉਹ ਭਾਰਤ ਦੀ ਲੋਕਤੰਤਰੀ ਯਾਤਰਾ ਦੇ ਸਨਮਾਨ ਵਿੱਚ ਭਾਰਤ ਦੇ ਲੋਕਾਂ ਦੇ ਨਾਲ ਹਨ ਅਤੇ ਦੋਵੇਂ ਦੇਸ਼ ‘ਲਾਜ਼ਮੀ ਭਾਈਵਾਲ’ ਹਨ। ਬਾਈਡੇਨ ਨੇ ਇੱਕ ਬਿਆਨ ਵਿੱਚ ਕਿਹਾ, 'ਲਗਭਗ 40 ਲੱਖ ਭਾਰਤੀ-ਅਮਰੀਕੀਆਂ ਸਮੇਤ ਦੁਨੀਆ ਭਰ ਦੇ ਲੋਕ 15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ, ਅਮਰੀਕਾ ਮਹਾਤਮਾ ਗਾਂਧੀ ਦੇ ਸੱਚਾਈ ਅਤੇ ਅਹਿੰਸਾ ਦੇ ਸਥਾਈ ਸੰਦੇਸ਼ ਨਾਲ ਨਿਰਦੇਸ਼ਤ ਭਾਰਤ ਦੀ ਲੋਕਤੰਤਰੀ ਯਾਤਰਾ ਦੇ ਸਨਮਾਨ ਵਿੱਚ ਉਸ ਦੇ ਲੋਕਾਂ ਨਾਲ ਹੈ।'
ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)
ਉਨ੍ਹਾਂ ਕਿਹਾ ਕਿ ਇਸ ਸਾਲ, ਅਸੀਂ ਆਪਣੇ ਮਹਾਨ ਲੋਕਤੰਤਰਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ। ਭਾਰਤ ਅਤੇ ਅਮਰੀਕਾ ਲਾਜ਼ਮੀ ਸਾਂਝੇਦਾਰ ਹਨ ਅਤੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਕਾਨੂੰਨ ਦੇ ਰਾਜ ਅਤੇ ਮਨੁੱਖੀ ਆਜ਼ਾਦੀ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨ ਦੀ ਸਾਡੀ ਸਾਂਝੀ ਵਚਨਬੱਧਤਾ 'ਤੇ ਟਿਕੀ ਹੈ। ਸਾਡੀ ਸਾਂਝੇਦਾਰੀ ਦੋਵਾਂ ਦੇਸ਼ਾਂ ਦੇ ਡੂੰਘੇ ਸਬੰਧਾਂ ਨਾਲ ਹੋਰ ਮਜ਼ਬੂਤ ਹੋਈ ਹੈ। ਅਮਰੀਕਾ ਵਿੱਚ ਜੀਵੰਤ ਭਾਰਤੀ-ਅਮਰੀਕੀ ਭਾਈਚਾਰੇ ਨੇ ਸਾਨੂੰ ਇੱਕ ਹੋਰ ਨਵੀਨਤਾਕਾਰੀ, ਸਮਾਵੇਸ਼ੀ ਅਤੇ ਮਜ਼ਬੂਤ ਦੇਸ਼ ਬਣਾਇਆ ਹੈ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਆਉਣ ਵਾਲੇ ਸਾਲਾਂ ਵਿੱਚ ਦੋਵੇਂ ਲੋਕਤੰਤਰ ਦੇਸ਼ ਨਿਯਮ-ਅਧਾਰਿਤ ਵਿਵਸਥਾ ਦੀ ਰੱਖਿਆ, ਵਧੇਰੇ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ, ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਨੂੰ ਯਕੀਨੀ ਬਣਾਉਣ ਅਤੇ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇੱਕਜੁੱਟ ਰਹਿਣਗੇ।
ਇਹ ਵੀ ਪੜ੍ਹੋ: ਤਾਲਿਬਾਨ ਸ਼ਾਸਨ ਦਾ ਇਕ ਸਾਲ ਪੂਰਾ, ਅੱਜ ਹੋਵੇਗੀ ਸਰਕਾਰੀ ਛੁੱਟੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।