ਅਮਰੀਕਾ-ਪਾਕਿ ਵਿਚਾਲੇ ਅਫਗਾਨਿਸਤਾਨ ਤੇ ਚੀਨ ਨੂੰ ਲੈ ਕੇ ਮਤਭੇਦ, ਬੈਠਕਾਂ ਵੀ ਰਹੀਆਂ ਬੇਸਿੱਟਾ
Thursday, Aug 05, 2021 - 11:49 AM (IST)
ਵਾਸ਼ਿੰਗਟਨ (ਬਿਊਰੋ)– ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਮੋਇਦ ਯੋਸੁਫ ਤੇ ਖ਼ੁਫੀਆ ਏਜੰਸੀ ਆਈ. ਐੱਸ. ਆਈ. ਦੇ ਡੀ. ਜੀ. ਲੈਫਟੀਨੈਂਟ ਫੈਜ਼ ਹਮੀਦ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸਲਾਮਾਬਾਦ ਤੇ ਵਾਸ਼ਿੰਗਟਨ ਦੇ ਸਬੰਧ ਬੇਹੱਦ ਨਾਜ਼ੁਕ ਦੌਰ ’ਚ ਹਨ।
‘ਦਿ ਨੇਸ਼ਨ’ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪਾਕਿਸਤਾਨ ਦੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਅਮਰੀਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਕੀਤੀਆਂ ਹਨ ਪਰ ਅਫਗਾਨਿਸਤਾਨ ਤੇ ਚੀਨ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦਾਂ ਦੇ ਚਲਦਿਆਂ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਦੀ ਤਰੇੜ ਅਜੇ ਭਰ ਨਹੀਂ ਸਕੀ ਹੈ।
ਸੂਤਰਾਂ ਨੇ ਦੱਸਿਆ ਕਿ ਬੈਠਕ ਤੋਂ ਬਾਅਦ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਟਵੀਟ ’ਚ ਅਫਗਾਨਿਸਤਾਨ ’ਤੇ ਪੂਰਾ ਧਿਆਨ ਦਿੱਤਾ ਗਿਆ ਸੀ ਪਰ ਡਾ. ਮੋਇਦ ਯੋਸੁਫ ਦੇ ਟਵੀਟ ’ਚ ਅਫਗਾਨਿਸਤਾਨ ਦਾ ਕੋਈ ਜ਼ਿਕਰ ਤਕ ਨਹੀਂ ਸੀ। ਪਾਕਿਸਤਾਨ ਤੇ ਅਮਰੀਕਾ ਵਿਚਾਲੇ ਅਫਗਾਨਿਸਤਾਨ ਤੇ ਚੀਨ ਨੂੰ ਲੈ ਕੇ ਤਣਾਅ ਭਰੇ ਸਬੰਧਾਂ ਕਾਰਨ ਬੈਠਕਾਂ ਦਾ ਕੋਈ ਸਾਕਾਰਾਮਤਕ ਰਸਤਾ ਨਹੀਂ ਨਿਕਲਿਆ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਤਾਲਿਬਾਨ ’ਤੇ ਦਬਾਅ ਪਾਉਣ ਲਈ ਕਿਹਾ ਹੈ, ਜਦਕਿ ਪਾਕਿਸਤਾਨੀ ਪੱਖ ਨੇ ਕਿਹਾ ਕਿ ਉਨ੍ਹਾਂ ਦਾ ਤਾਲਿਬਾਨ ’ਤੇ ਕੋਈ ਕੰਟਰੋਲ ਨਹੀਂ ਹੈ।
ਇਹ ਘਟਨਾਕ੍ਰਮ ਉਦੋਂ ਹੈ, ਜਦੋਂ ਪਾਕਿ ਫੌਜ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਲਈ ਸੁਰੱਖਿਅਤ ਥਾਂ ਮੁਹੱਈਆ ਕਰਵਾਉਂਦੀ ਹੈ। ਤਾਲਿਬਾਨ ਨੇ ਪਾਕਿਸਤਾਨੀ ਫੌਜ ਦੀ ਮਦਦ ਨਾਲ ਨਾਨਗੜ੍ਹ ਸੂਬੇ ’ਚ ਬਹੁਤ ਵੱਡੇ ਹਮਲੇ ਕੀਤੇ ਹਨ। ਨਾਲ ਹੀ ਸਰਹੱਦੀ ਜ਼ਿਲ੍ਹਿਆਂ ਦੀਆਂ ਕੁਝ ਸੁਰੱਖਿਆ ਚੌਕੀਆਂ ਆਚਿਨ ਤੇ ਪਾਚੇਰ ਵਾ ਅਗਮ ’ਤੇ ਮੁੜ ਤੋਂ ਕਬਜ਼ਾ ਕਰ ਲਿਆ ਹੈ। ਹੀਸਰਕ, ਸ਼ੇਰਜ਼ਾਦ, ਪਾਚੇਰ ਵਾ ਅਗਮ, ਦੇਹ ਬਾਲਾ (ਹਸਕਾ ਮੀਨਾ), ਆਚਿਨ ਤੇ ਸੁਰਖਰੋਦ ਜ਼ਿਲ੍ਹਿਆਂ ’ਚ ਤਾਲਿਬਾਨੀ ਹਮਲੇ ਵੱਧ ਗਏ ਹਨ। ਤਾਲਿਬਾਨ ਤੇ ਉਸ ਦੇ ਅਲਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ ਜ਼ਖ਼ਮੀ ਅੱਤਵਾਦੀਆਂ ਦਾ ਇਲਾਜ ਕਵੇਟਾ ਸ਼ਹਿਰ ’ਚ ਹੋ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।