US ਜਲ ਸੈਨਾ ਕਮਾਂਡਰ ਨੂੰ ਟੀਕਾ ਲਗਾਉਣ ਤੋਂ ਇਨਕਾਰ ਕਰਨ ''ਤੇ ਕੀਤਾ ਗਿਆ ਬਰਖ਼ਾਸਤ

Saturday, Dec 11, 2021 - 04:52 PM (IST)

ਵਾਸ਼ਿੰਗਟਨ (ਭਾਸ਼ਾ) - ਯੂ.ਐੱਸ. ਜਲ ਸੈਨਾ ਕਮਾਂਡਰ ਨੂੰ ਕੋਵਿਡ-19 ਰੋਕੂ ਟੀਕਾ ਲਗਵਾਉਣ ਅਤੇ ਜਾਂਚ ਕਰਾਉਣ ਤੋਂ ਇਨਕਾਰ ਕਰਨ 'ਤੇ ਜੰਗੀ ਜਹਾਜ਼ ਦੇ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਲ ਸੈਨਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਲ ਸੈਨਾ ਦੇ ਕੈਪਟਨ ਅਤੇ ਨੇਵਲ ਸਰਫੇਸ ਸਕੁਐਡਰਨ 14' ਦੇ ਕਮਾਂਡਰ ਕੇਨ ਐਂਡਰਸਨ ਨੇ ਕਮਾਂਡਰ ਲੂਸੀਅਨ ਕਿਨਸ ਨੂੰ ਵਿਨਾਸ਼ਕਾਰੀ ਜੰਗੀ ਜਹਾਜ਼ ਯੂ.ਐਸ.ਐਸ. ਵਿੰਸਟਨ ਚਰਚਿਲ 'ਤੇ ਉਨ੍ਹਾਂ ਦੇ ਕਰਤਵਾਂ ਤੋਂ ਮੁਕਤ ਕਰ ਦਿੱਤਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਨਸ ਪਹਿਲੇ ਜਲ ਸੈਨਾ ਅਧਿਕਾਰੀ ਹਨ, ਜਿਨ੍ਹਾਂ ਨੂੰ ਟੀਕਾਕਰਨ ਤੋਂ ਇਨਕਾਰ ਕਰਨ 'ਤੇ ਬਰਖ਼ਾਸਤ ਕੀਤਾ ਗਿਆ ਹੈ।

ਜਲ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਮਾਂਡਰ ਜੇਸਨ ਫਿਸ਼ਰ ਨੇ ਗੋਪਨੀਯਤਾ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕਿਨਸ ਨੂੰ ਕਮਾਂਡ ਤੋਂ ਮੁਕਤ ਕਰਨ ਦਾ ਸਹੀ ਕਾਰਨ ਦੱਸਣ ਤੋਂ ਇਨਕਾਰ ਕਰ ਦਿੱਤਾ। ਫਿਸ਼ਰ 'ਨੇਵਲ ਸਰਫੇਸ ਫੋਰਸ ਐਟਲਾਂਟਿਕ' ਦੇ ਬੁਲਾਰੇ ਹਨ। ਉਨ੍ਹਾਂ ਕਿਹਾ ਕਿ ਬਰਖ਼ਾਸਤਗੀ ਦਾ ਕਾਰਨ ਇਹ ਸੀ ਕਿ ਕਿਨਸ ਨੇ ਕਾਨੂੰਨੀ ਆਦੇਸ਼ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਆਪਣੀ ਡਿਊਟੀ ਨਿਭਾਉਣ ਵਿਚ ਅਸਮਰੱਥਾ ਜ਼ਾਹਰ ਕੀਤੀ। ਹਾਲਾਂਕਿ, ਹੋਰ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ, ਕਿਉਂਕਿ ਕਿਨਸ ਨੇ ਟੀਕਾ ਲਗਵਾਉਣ ਅਤੇ ਲਾਗ ਲਈ ਜਾਂਚ ਕਰਵਾਉਣ ਦੇ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕਿਨਸ ਨੇ ਧਾਰਮਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਛੋਟ ਦੀ ਮੰਗ ਕੀਤੀ ਸੀ, ਜਿਸ ਨੂੰ ਇਨਕਾਰ ਕਰ ਦਿੱਤਾ ਗਿਆ। ਕਿਨਸ ਉਸ ਇਨਕਾਰ ਦੇ ਖਿਲਾਫ ਅਪੀਲ ਕਰ ਰਹੇ ਹਨ। ਪੈਂਟਾਗਨ ਨੇ ਫੌਜ ਦੇ ਸਾਰੇ ਹਿੱਸਿਆਂ ਵਿਚ ਕਰਮਚਾਰੀਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਹੈ।


cherry

Content Editor

Related News