ਮਿਆਂਮਾਰ ''ਤੇ ਨਵੀਆਂ ਅਤੇ ਸਖ਼ਤ ਪਾਬੰਦੀਆਂ ਲਗਾਏਗਾ ਅਮਰੀਕਾ : ਬਲਿੰਕਨ
Wednesday, Dec 15, 2021 - 01:52 PM (IST)
ਕੁਆਲਾਲੰਪੁਰ (ਏਪੀ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਬਾਈਡੇਨ ਪ੍ਰਸ਼ਾਸਨ ਮਿਆਂਮਾਰ 'ਤੇ ਸਖ਼ਤ ਨਵੀਆਂ ਪਾਬੰਦੀਆਂ ਲਗਾਉਣ ਜਾ ਰਿਹਾ ਹੈ। ਇਹ ਪਾਬੰਦੀਆਂ ਇਸ ਲਈ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਦੇਸ਼ ਦੇ ਫ਼ੌਜੀ ਨੇਤਾਵਾਂ 'ਤੇ ਫਰਵਰੀ ਦੇ ਤਖ਼ਤਾਪਲਟ ਕਾਰਨ ਵਿਘਨ ਪਾਉਣ ਵਾਲੀ ਲੋਕਤੰਤਰੀ ਵਿਵਸਥਾ ਨੂੰ ਬਹਾਲ ਕਰਨ ਲਈ ਦਬਾਅ ਬਣਾਇਆ ਜਾ ਸਕੇ। ਬਲਿੰਕਨ ਨੇ ਕਿਹਾ ਕਿ ਤਖ਼ਤਾਪਲਟ ਤੋਂ ਬਾਅਦ 10 ਮਹੀਨਿਆਂ ਵਿੱਚ ਮਿਆਂਮਾਰ ਦੀ ਸਥਿਤੀ "ਬਦਤਰ" ਹੋ ਗਈ ਹੈ, ਜਿਸ ਵਿਚ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਾ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਮਿਆਂਮਾਰ ਦੀ ਰੋਹਿੰਗਿਆ ਮੁਸਲਿਮ ਆਬਾਦੀ ਖ਼ਿਲਾਫ਼ ਚੱਲ ਰਹੇ ਦਮਨ ਨੂੰ "ਨਸਲਕੁਸ਼ੀ" ਵਜੋਂ ਦੇਖ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਇਹ ਦੇਖਣਾ ਬਹੁਤ ਮਹੱਤਵਪੂਰਨ ਹੋਵੇਗਾ ਕਿ ਦੇਸ਼ ਨੂੰ ਲੋਕਤੰਤਰੀ ਮਾਰਗ 'ਤੇ ਵਾਪਸ ਲਿਆਉਣ ਦੇ ਉਦੇਸ਼ ਨਾਲ ਸ਼ਾਸਨ 'ਤੇ ਦਬਾਅ ਬਣਾਉਣ ਲਈ ਅਸੀਂ ਵਿਅਕਤੀਗਤ ਤੌਰ 'ਤੇ, ਸਮੂਹਿਕ ਤੌਰ 'ਤੇ ਕਿਹੜੇ ਵਾਧੂ ਕਦਮ ਚੁੱਕ ਸਕਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਟੀਕਾਕਰਨ ਦੇ ਬਾਵਜੂਦ ਅਮਰੀਕਾ 'ਚ ਕੋਰੋਨਾ ਮ੍ਰਿਤਕਾਂ ਦਾ ਅੰਕੜਾ 8 ਲੱਖ ਦੇ ਪਾਰ
ਬਲਿੰਕਨ ਨੇ ਬੁੱਧਵਾਰ ਨੂੰ ਮਲੇਸ਼ੀਆ ਵਿੱਚ ਇਹ ਟਿੱਪਣੀ ਕੀਤੀ। ਉਹ ਦੱਖਣ-ਪੂਰਬੀ ਏਸ਼ੀਆ ਦੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ ਮਲੇਸ਼ੀਆ ਦਾ ਦੌਰੇ 'ਤੇ ਹਨ। ਬਲਿੰਕਨ ਨੂੰ ਖਾਸ ਤੌਰ 'ਤੇ ਮਿਆਂਮਾਰ ਵਿੱਚ ਸਰਕਾਰ ਦੁਆਰਾ ਸੰਚਾਲਿਤ ਤੇਲ ਅਤੇ ਗੈਸ ਸੈਕਟਰ 'ਤੇ ਸੰਭਾਵਿਤ ਪਾਬੰਦੀਆਂ ਬਾਰੇ ਪੁੱਛਿਆ ਗਿਆ ਸੀ ਪਰ ਉਹਨਾਂ ਨੇ ਆਪਣੇ ਜਵਾਬ ਵਿੱਚ ਇਸ ਸੰਭਾਵਨਾ ਦਾ ਜ਼ਿਕਰ ਨਹੀਂ ਕੀਤਾ।