ਉਇਗਰਾਂ ’ਤੇ ਜੁਲਮ ਨੂੰ ਲੈ ਕੇ ਅਮਰੀਕਾ ਸਖ਼ਤ, 14 ਚੀਨੀ ਕੰਪਨੀਆਂ ਨੂੰ ਕੀਤਾ ਬਲੈਕ ਲਿਸਟ
Saturday, Jul 10, 2021 - 05:05 PM (IST)
ਇੰਟਰਨੈਸ਼ਨਲ ਡੈਸਕ: ਚੀਨ ’ਚ ਉਇਗਰ ਭਾਈਚਾਰੇ ਅਤੇ ਹੋਰ ਮੁਸ਼ਲਿਮ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਹੋ ਰਹੇ ਜੁਲਮ ਨੂੰ ਲੈ ਕੇ ਅਮਰੀਕਾ ਸਖ਼ਤ ਰੁੱਖ ਅਪਣਾਉਂਦੇ ਹੋਏ 14 ਕੰਪਨੀਆਂ ਨੂੰ ਬਲੈਕ ਲਿਸਟ ’ਚ ਪਾ ਦਿੱਤਾ ਹੈ। ਇਸ ’ਚੋਂ ਦੱਸ ਕੰਪਨੀਆਂ ਚੀਨ ਦੀਆਂ ਹਨ। ਇਸ ਸਬੰਧ ’ਚ ਅਮਰੀਕੀ ਵਪਾਰਕ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ।
ਨਿਊਜ਼ ਏਜੰਸੀ ਮੁਤਾਬਕ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਝਿੰਜਿਆਂਗ ਪ੍ਰਾਂਤ ’ਚ ਮੁਸਲਿਮ ਘੱਟ ਗਿਣਤੀ ਦੇ ਖ਼ਿਲਾਫ਼ ਬੀਜਿੰਗ ਦੇ ਦਮਨ, ਸਮੂਹਿਕ ਨਜ਼ਰਬੰਦੀ ਅਤੇ ਉੱਚ ਤਕਨਾਲੋਜੀ ਨਿਗਰਾਨੀ ਦੇ ਅਭਿਆਨ ਨੂੰ ਯੋਗ ਕਰਨ ’ਚ ਇਨ੍ਹਾਂ ਇਲੈਕਟ੍ਰੋਨਿਕਸ ਅਤੇ ਤਕਨਾਲੋਜੀ ਫਰਮਾਂ ਤੇ ਹੋਰ ਕੰਪਨੀਆਂ ਨੇ ਮਦਦ ਕੀਤੀ ਹੈ। ਵਣਜ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਦੇ ਬਾਰੇ ’ਚ ਕਿਹਾ ਗਿਆ ਸੀ ਕਿ ਇਹ ਰੂਸ ’ਚ ਮਿਲਟਰੀ ਪ੍ਰੋਗਰਾਮਾਂ ਜਾਂ ਪ੍ਰਤੀਬੰਧਿਤ ਪ੍ਰਮਾਣੂ ਵਿਕਾਸ ਜਾਂ ਈਰਾਨ ਪਾਬੰਦੀਆਂ ਦਾ ਉਲੰਘਣ ਕਰਨ ’ਚ ਸਹਾਇਤਾ ਕਰਦੀ ਹੈ।
ਚੀਨ ਦੇ ਖ਼ੁਦਮੁਖਤਿਆਰੀ ਪ੍ਰਾਂਤ ਸ਼ਿਨਜਿਆਂਗ ’ਚ ਮਨੁੱਖੀ ਅਧਿਕਾਰ ਉਲੰਘਣ ਦੇ ਮਾਮਲਿਆਂ ਅਤੇ ਉੱਚ ਪੱਧਰੀ ਤਕਨੀਕੀ ਨਿਗਰਾਨੀ ਦੇ ਕਾਰਨ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ। ਚੀਨ ਤੋਂ ਇਲਾਵਾ ਵੀ ਦੁਨੀਆ ਦੇ ਕਈ ਦੇਸ਼ਾਂ ’ਤੇ ਕਾਰਵਾਈ ਹੋਈ ਹੈ। 14 ਕੰਪਨੀਆਂ ਨੂੰ ਬਲੈਕ ਲਿਸਟ ’ਚ ਪਾਉਣਾ ਚੀਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ’ਚ ਚੀਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।