ਅਮਰੀਕਾ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ, ਵਧੀ ਦਹਿਸ਼ਤ
Wednesday, Dec 30, 2020 - 01:30 PM (IST)
ਡੇਨਵਰ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਨਵਾਂ ਸਟ੍ਰੇਨ ਦਾ ਪਹਿਲਾ ਮਾਮਲਾ ਕੋਲੋਰਾਡੋ ਵਿਚ ਸਾਹਮਣੇ ਆਇਆ ਹੈ। ਸੂਬੇ ਦੇ ਗਵਰਨਰ ਜੈਰੇਡ ਪੋਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ ਬਾਰੇ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਪਤਾ ਲੱਗਾ ਸੀ।
ਜਾਣਕਾਰੀ ਮੁਤਾਬਕ ਕੋਲੋਰਾਡੋ ਦੇ ਡੇਨਵਰ ਵਿਚ 20 ਸਾਲਾ ਇਕ ਨੌਜਵਾਨ ਵਿਚ ਵਾਇਰਸ ਦਾ ਨਵਾਂ ਸਟ੍ਰੇਨ ਮਿਲਿਆ ਹੈ। ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਨੌਜਵਾਨ ਨੇ ਫਿਲਹਾਲ ਕਿਤੇ ਹੋਰ ਯਾਤਰਾ ਨਹੀਂ ਕੀਤੀ ਸੀ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਵਿਚ ਇਸ ਨਵੇਂ ਵਾਇਰਸ ਦੀ ਖ਼ਬਰ ਨਾਲ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਪਹਿਲਾਂ ਹੀ ਅਮਰੀਕਾ ਦੇ ਸਾਰੇ ਹਸਪਤਾਲਾਂ ਵਿਚ ਨਰਸਾਂ ਦੀ ਕਮੀ ਹੈ ਤੇ ਨਵੀਂ ਭਰਤੀ ਕੀਤੀ ਜਾ ਰਹੀ ਹੈ। ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ ਹੋਏ ਹਨ।
ਇਹ ਵੀ ਪੜ੍ਹੋ- ਸਿਹਤ ਮੰਤਰਾਲਾ ਨੇ ਕੋਰੋਨਾ ਟੀਕਾਕਰਣ ਸਬੰਧੀ ਦਿੱਤੀ ਜਾਣਕਾਰੀ, 4 ਸੂਬਿਆਂ 'ਚ ਡ੍ਰਾਈ ਰਨ ਰਿਹਾ ਸਫਲ
ਕੋਲੋਰਾਡੋ ਸੂਬੇ ਦੀ ਪ੍ਰਯੋਗਸ਼ਾਲਾ ਨੇ ਵਾਇਰਸ ਦਾ ਨਵਾਂ ਰੂਪ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਬ੍ਰਿਟੇਨ ਵਿਚ ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਇਰਸ ਦਾ ਨਵਾਂ ਰੂਪ ਪੁਰਾਣੇ ਰੂਪ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦਾ ਹੈ। ਕੋਲੋਰਾਡੋ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਟੀਕਾਕਰਣ ਅਭਿਆਨ ਜਾਰੀ ਹੈ ਅਤੇ ਉਮੀਦ ਹੈ ਕਿ ਇਹ ਨਵੇਂ ਰੂਪ 'ਤੇ ਵੀ ਅਸਰਦਾਰ ਹੋਵੇਗਾ।
►ਕੀ ਕੋਰੋਨਾ ਦੇ ਨਵੇਂ ਸਟ੍ਰੇਨ 'ਤੇ ਕੋਰੋਨਾ ਵੈਕਸੀਨ ਹੋਵੇਗੀ ਅਸਰਦਾਰ? ਕੁਮੈਂਟ ਬਾਕਸ ਵਿਚ ਦਿਓ ਰਾਇ