ਓਮਿਕਰੋਨ ਵੇਰੀਐਂਟ: ਕੈਨੇਡਾ ਤੇ ਅਮਰੀਕਾ ਨੇ ਦੱਖਣੀ ਅਫਰੀਕੀ ਦੇਸ਼ਾਂ ਦੇ ਵਿਦੇਸ਼ੀਆਂ 'ਤੇ ਲਾਈ ਯਾਤਰਾ ਪਾਬੰਦੀ
Saturday, Nov 27, 2021 - 01:37 AM (IST)
ਟੋਰਾਂਟੋ / ਵਾਸ਼ਿੰਗਟਨ - ਕੈਨੇਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪਿਛਲੇ 14 ਦਿਨਾਂ ਵਿੱਚ ਅਫਰੀਕਾ ਦੇ ਦੱਖਣੀ ਹਿੱਸੇ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਯਾਤਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਨੇ ਇਹ ਫੈਸਲਾ ਨਵੇਂ ਵੇਰੀਐਂਟ ਦੇ ਕੋਰੋਨਾ ਵਾਇਰਸ 'ਓਮਿਕਰੋਨ' ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ। ਸਰਕਾਰੀ ਮੰਤਰੀਆਂ ਨੇ ਇਹ ਵੀ ਕਿਹਾ ਕਿ ਪਿਛਲੇ 14 ਦਿਨਾਂ ਵਿੱਚ ਅਫ਼ਰੀਕਾ ਦੇ ਦੱਖਣੀ ਹਿੱਸੇ ਦੀ ਯਾਤਰਾ ਕਰਨ ਵਾਲੇ ਸਾਰੇ ਕੈਨੇਡੀਅਨ ਨਾਗਰਿਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪਿਛਲੇ 14 ਦਿਨਾਂ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਵੀ ਆਈਸੋਲੇਸ਼ਨ ਵਿੱਚ ਰਹਿਣ ਅਤੇ ਕੋਵਿਡ ਇਨਫੈਕਸ਼ਨ ਲਈ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਵੀ ਨਵੇਂ ਵੇਰੀਐਂਟ ਦੇ ਫੈਸਲੇ ਦੇ ਮੱਦੇਨਜ਼ਰ ਦੱਖਣੀ ਅਫਰੀਕਾ ਅਤੇ ਸੱਤ ਹੋਰ ਅਫਰੀਕੀ ਦੇਸ਼ਾਂ ਦੇ ਗੈਰ-ਨਾਗਰਿਕਾਂ ਦੀ ਯਾਤਰਾ 'ਤੇ ਸੋਮਵਾਰ ਤੋਂ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ - ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਓਮਿਕਰੋਨ ਦਾ ਨਾਂ
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਇੱਕ ਸਲਾਹਕਾਰ ਕਮੇਟੀ ਨੇ ਦੱਖਣੀ ਅਫਰੀਕਾ ਵਿੱਚ ਪਹਿਲੀ ਵਾਰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ‘ਬੇਹੱਦ ਤੇਜ਼ੀ ਨਾਲ ਫੈਲਣ ਵਾਲਾ ਚਿੰਤਾਜਨਕ ਕਿਸਮ’ ਕਰਾਰ ਦਿੱਤਾ ਹੈ। ਡਬਲਿਊ.ਐੱਚ.ਓ. ਨੇ ਇਸ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਯੂਨਾਨੀ ਅੱਖਰ ਓਮਿਕਰੋਨ ਦਾ ਨਾਂ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।