ਅਮਰੀਕਾ ਨੇ ਚੀਨ ਦੇ 3 ਨਾਗਰਿਕਾਂ ਨੂੰ ਕੀਤਾ ਗਿ੍ਰਫਤਾਰ

07/24/2020 2:53:36 AM

ਵਾਸ਼ਿੰਗਟਨ - ਅਮਰੀਕਾ ਨੇ ਵੀਜ਼ਾ ਧੋਖਾਧੜੀ ਮਾਮਲੇ ਵਿਚ ਚੀਨ ਦੇ 3 ਨਾਗਰਿਕਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਚੌਧੇ ਚੀਨੀ ਨਾਗਰਿਕ ਨੂੰ ਵੀ ਗਿ੍ਰਫਤਾਰ ਕਰਨ ਦੀ ਤਿਆਰੀ ਹੋ ਰਹੀ ਹੈ। ਚੌਥਾ ਵਿਅਕਤੀ ਸੈਨ ਫ੍ਰਾਂਸਿਸਕੋ ਸਥਿਤ ਚੀਨੀ ਵਣਜ ਦੂਤਘਰ ਵਿਚ ਤਾਇਨਾਤ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਗਿ੍ਰਫਤਾਰ ਕੀਤੇ ਗਏ ਚੀਨੀ ਨਾਗਰਿਕਾਂ ਨੇ ਕਥਿਤ ਤੌਰ 'ਤੇ ਚੀਨੀ ਫੌਜ ਦੇ ਮੈਂਬਰ ਹੋਣ ਦੇ ਬਾਰੇ ਵਿਚ ਝੂਠ ਬੋਲਿਆ ਹੈ। ਅਮਰੀਕੀ ਸੰਸਥਾ ਐਫ. ਬੀ. ਆਈ. ਨੇ ਅਮਰੀਕਾ ਦੇ 25 ਸ਼ਹਿਰਾਂ ਵਿਚ ਕਈ ਲੋਕਾਂ ਤੋਂ ਪੁੱਛਗਿਛ ਕੀਤੀ ਹੈ ਜਿਨ੍ਹਾਂ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਚੀਨੀ ਫੌਜ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੈ।

ਅਮਰੀਕੀ ਵਕੀਲਾਂ ਦਾ ਆਖਣਾ ਹੈ ਕਿ ਇਹ ਚੀਨੀ ਯੋਜਨਾ ਦਾ ਹਿੱਸਾ ਹੈ ਜਿਸ ਦੇ ਤਹਿਤ ਚੀਨ ਖੁਫੀਆ ਤੌਰ 'ਤੇ ਆਪਣੀ ਫੌਜ ਦੇ ਸਾਇੰਸਦਾਨਾਂ ਨੂੰ ਅਮਰੀਕਾ ਭੇਜਦਾ ਹੈ। ਨਿਆਂ ਵਿਭਾਗ ਦੇ ਵਕੀਲ ਜਾਨ ਡੇਮਰਸ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰ ਕਿਹਾ ਕਿ ਚੀਨੀ ਫੌਜ ਦੇ ਮੈਂਬਰ ਰਿਸਰਚ ਵੀਜ਼ਾ ਲਈ ਅਪਲਾਈ ਕਰਦੇ ਹਨ ਅਤੇ ਆਪਣੀ ਪਛਾਣ ਨੂੰ ਲੁਕਾ ਲੈਂਦੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਾਡੇ ਖੁੱਲ੍ਹੇ ਸਮਾਜ ਅਤੇ ਸਾਡੇ ਵਿਦਿਅਕ ਸੰਸਥਾਵਾਂ ਦਾ ਫਾਇਦਾ ਚੁੱਕਣ ਦਾ ਚੀਨ ਦੀ ਕਮਿਊਨਿਸਟ ਪਾਰਟੀ ਦੀ ਯੋਜਨਾ ਦਾ ਇਕ ਹੋਰ ਹਿੱਸਾ ਹੈ।

ਗਿ੍ਰਫਤਾਰੀ ਤੋਂ ਪਹਿਲਾਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਚੀਨ ਦੀ ਇਕ ਸਾਇੰਸਦਾਨ ਨੇ ਸੈਨ ਫ੍ਰਾਂਸਿਸਕੋ ਸਥਿਤ ਚੀਨੀ ਵਣਜ ਦੂਤਘਰ ਵਿਚ ਪਨਾਹ ਲੈ ਰੱਖੀ ਹੈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਨੇ ਹਿਊਸਟਨ ਸਥਿਤ ਚੀਨੀ ਵਣਜ ਦੂਤਘਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਉਥੇ ਅਧਿਕਾਰੀ ਬੌਧਿਕ ਜਾਇਦਾਦ ਦੀ ਚੋਰੀ ਵਿਚ ਸ਼ਾਮਲ ਹਨ। ਵੀਰਵਾਰ ਨੂੰ ਚੀਨੀ ਲੋਕਾਂ ਦੀ ਗਿ੍ਰਫਤਾਰੀ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਗ ਵੇਨਬਿਨ ਨੇ ਅਮਰੀਕੀ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਚੀਨ ਇਸ ਦੀ ਜਵਾਬੀ ਕਾਰਵਾਈ ਜ਼ਰੂਰ ਕਰੇਗਾ ਅਤੇ ਆਪਣੇ ਜਾਇਜ਼ ਅਧਿਕਾਰਾਂ ਦੀ ਸੁਰੱਖਿਆ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਦੇ ਮਹੀਨਿਆਂ ਵਿਚ ਵਪਾਰ, ਕੋਰੋਨਾਵਾਇਰਸ ਅਤੇ ਹਾਂਗਕਾਂਗ ਦੇ ਨਵੇਂ ਸੁਰੱਖਿਆ ਕਾਨੂੰਨ ਦੇ ਮੁੱਦੇ 'ਤੇ ਚੀਨ ਨਾਲ ਖੂਬ ਲੜਾਈ ਕੀਤੀ ਹੈ।


Khushdeep Jassi

Content Editor

Related News