ਅਮਰੀਕਾ ਅਤੇ ਜਾਪਾਨ ਭਾਰਤ, ਦੱਖਣੀ ਕੋਰੀਆ ਅਤੇ ਆਸਟਰੇਲੀਆ ਨਾਲ ਰੱਖਿਆ ਸਬੰਧ ਵਧਾਉਣ ਉੱਤੇ ਹੋਏ ਸਹਿਮਤ

08/18/2017 12:38:43 PM

ਵਾਸ਼ਿੰਗਟਨ— ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਵਧ ਰਹੀ ਜ਼ਿੱਦ ਦੌਰਾਨ ਅਮਰੀਕਾ ਅਤੇ ਜਾਪਾਨ ਦੋਵੇਂ ਦੇਸ਼ ਭਾਰਤ, ਦੱਖਣੀ ਕੋਰੀਆ ਅਤੇ ਆਸਟਰੇਲੀਆ ਨਾਲ ਬਹੁ-ਪੱਖੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਲਈ ਸਹਿਮਤ ਹੋ ਗਏ ਹਨ । ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਅਸੀਂ ਖੇਤਰ ਦੇ ਆਪਣੇ ਹੋਰ ਸਾਥੀਆਂ ਖਾਸਤੌਰ ਉੱਤੇ ਕੋਰੀਆ ਗਣਤੰਤਰ , ਆਸਟਰੇਲੀਆ, ਭਾਰਤ ਅਤੇ ਹੋਰ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਨਾਲ ਤਿੰਨ-ਪੱਖੀ ਅਤੇ ਬਹੁ-ਪੱਖੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਵਿਚ ਸਹਿਯੋਗ ਕਰਾਂਗੇ । ਪੱਤਰਕਾਰ ਸੰਮੇਲਨ ਨੂੰ ਜਾਪਾਨੀ ਵਿਦੇਸ਼ ਮੰਤਰੀ ਤਾਰੋ ਕੋਨੋ ਅਤੇ ਜਾਪਾਨੀ ਰੱਖਿਆ ਮੰਤਰੀ ਇਤਸੁਨੋਰੀ ਓਨੋਦੇਰਾ ਨੇ ਵੀ ਸੰਯੁਕਤ ਰੂਪ ਨਾਲ ਸੰਬੋਧਨ ਕੀਤਾ । ਕੋਨੋ ਨੇ ਜਾਪਾਨੀ ਭਾਸ਼ਾ ਵਿਚ ਕਿਹਾ, ''ਆਰ.ਓ.ਕੇ (ਦੱਖਣੀ ਕੋਰੀਆ), ਆਸਟਰੇਲੀਆ, ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਅਸੀਂ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿਚ ਪਹਿਲਾਂ ਤੋਂ ਜ਼ਿਆਦਾ ਸਹਿਯੋਗ ਵਧਾਵਾਂਗੇ।''  ਕੋਨੋ ਦੇ ਸੰਬੋਧਨ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਗਿਆ । ਵਿਦੇਸ਼ ਮੰਤਰਾਲਾ ਦੇ ਹੈਡਕੁਆਰਟਰ ਵਿਚ ਵੀਰਵਾਰ ਨੂੰ ਆਯੋਜਿਤ ਬੈਠਕ ਦੌਰਾਨ ਚਾਰਾਂ ਨੇਤਾਵਾਂ ਨੇ ਹੋਰ ਮੁੱਦਿਆਂ ਨਾਲ ਖੇਤਰ ਵਿਚ ਚੀਨ ਵੱਲੋਂ ਪੇਸ਼ ਕੀਤੀ ਜਾ ਰਹੀਆਂ ਚੁਣੌਤੀਆਂ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਬਹੁ-ਪੱਖੀ ਸਹਿਯੋਗ ਵਧਾਉਣ ਦੀ ਜ਼ਰੂਰਤ ਉੱਤੇ ਵੀ ਚਰਚਾ ਕੀਤੀ । ਬੈਠਕ ਤੋਂ ਬਾਅਦ ਜਾਰੀ ਸੰਯੁਕਤ ਬਿਆਨ ਵਿਚ ਕਿਹਾ ਗਿਆ ਕਿ ਮੰਤਰੀਆਂ ਨੇ ਖੇਤਰ ਵਿਚ ਹੋਰ ਸਾਥੀ ਦੇਸ਼ਾਂ ਖਾਸ ਤੌਰ ਉੱਤੇ ਕੋਰੀਆ ਗਣਤੰਤਰ,  ਆਸਟਰੇਲੀਆ, ਭਾਰਤ, ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਨਾਲ ਤਿੰਨ-ਪੱਖੀ ਅਤੇ ਬਹੁ-ਪੱਖੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਰੇਖਾਬੱਧ ਕੀਤਾ।


Related News