ਭਾਰਤ ਅਤੇ ਅਮਰੀਕਾ ’ਚ ‘ਬਰਡ ਫਲੂ’ ਅਤੇ ‘ਜ਼ੌਂਬੀ ਡੀਅਰ’ ਰੋਗਾਂ ਦੀ ਦਸਤਕ
Saturday, Apr 27, 2024 - 03:45 AM (IST)
ਪਸ਼ੂ-ਪੰਛੀਆਂ ਤੋਂ ਇਨਸਾਨਾਂ ਤੋਂ ਹੋਣ ਵਾਲੀਆਂ ਛੂਤ ਦੀਆਂ ਬੀਮਾਰੀਆਂ ’ਚ ਬਰਡ ਫਲੂ, ਸਵਾਈਨ ਫਲੂ, ਇਬੋਲਾ, ਸਾਰਸ ਆਦਿ ਮੁੱਖ ਹਨ। ਮਾਹਿਰਾਂ ਅਨੁਸਾਰ ਬਰਡ ਫਲੂ ਇਨਸਾਨਾਂ ’ਚ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ’ਚ ਰੋਗੀ ਨੂੰ ਬੇਹੱਦ ਸਿਰ ਦਰਦ, ਬੁਖਾਰ, ਖੰਘ, ਸਾਹ ਲੈਣ ’ਚ ਤਕਲੀਫ, ਠੰਢ ਲੱਗਣ ਵਰਗੀਆਂ ਸ਼ਿਕਾਇਤਾਂ ਹੁੰਦੀਆਂ ਹਨ।
ਇਹ ਰੋਗ ਮੁਰਗੀ, ਬੱਤਖ, ਬਟੇਰ, ਹੰਸ, ਟਰਕੀ (ਮੁਰਗਾਬੀ) ਵਰਗੇ ਪੰਛੀਆਂ ਨੂੰ ਆਪਣੀ ਲਪੇਟ ’ਚ ਲੈ ਸਕਦਾ ਹੈ। ‘ਐੱਚ. 5 ਐੱਨ. 1’ ਵਾਇਰਸ ਪੋਲਟਰੀ ਕਾਰੋਬਾਰ ਲਈ ਘਾਤਕ ਹੈ।
ਭਾਰਤ ’ਚ ਬਰਡ ਫਲੂ ਨੇ ਇਕ ਵਾਰ ਫਿਰ ਦਸਤਕ ਦੇ ਦਿੱਤੀ ਹੈ ਅਤੇ ਕੇਰਲ ’ਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਬਰਡ ਫਲੂ ਫੈਲਣ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਰੱਖਿਆਤਮਕ ਕਾਰਵਾਈ ਕਰਨ ਅਤੇ ਬਰਡ ਫਲੂ ਤੋਂ ਪ੍ਰਭਾਵਿਤ ਇਲਾਕਿਆਂ ’ਚ ਲਗਭਗ 21,000 ਬੱਤਖਾਂ ਅਤੇ ਪ੍ਰਭਾਵਿਤ ਇਲਾਕਿਆਂ ਦੇ ਇਕ ਕਿਲੋਮੀਟਰ ਦੇ ਦਾਇਰੇ ’ਚ ਸਾਰੇ ਪਾਲਤੂ ਪੰਛੀਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਮਰੀਕਾ ਦੇ 7 ਸੂਬਿਆਂ ’ਚ ਜੰਗਲੀ ਪੰਛੀਆਂ ’ਚ ਬਰਡ ਫਲੂ ਵਾਇਰਸ ਪਾਇਆ ਗਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਟੈਕਸਾਸ ’ਚ ਮਿਲੇ। ਇਸ ਦੇ ਮੱਦੇਨਜ਼ਰ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮੈਨਹੱਟਨ ’ਚ ਜੰਗਲੀ ਪੰਛੀਆਂ ਅਤੇ ਲਾਲ ਪੂਛ ਵਾਲੇ ਬਾਜ ਤੋਂ ਇਲਾਵਾ ਇਹ ਬੀਮਾਰੀ ਘਰੇਲੂ ਮੁਰਗੇ-ਮੁਰਗੀਆਂ ’ਚ ਵੀ ਪਾਈ ਗਈ ਹੈ।
ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਅਮਰੀਕਾ ਦੇ ਕਈ ਸੂਬਿਆਂ ’ਚ ਬਰਡ ਫਲੂ ਦੇ ਵਧਦੇ ਖਤਰੇ ਦੇ ਨਾਲ-ਨਾਲ ਗਾਵਾਂ ਦੇ ਵੀ ਬਰਡ ਫਲੂ ਦਾ ਸ਼ਿਕਾਰ ਹੋਣ ਦਾ ਪਤਾ ਲੱਗਾ ਹੈ। ਟੈਕਸਾਸ ’ਚ ਗਾਵਾਂ ਦੇ ਭੇਤਭਰੀ ਬੀਮਾਰੀ ਤੋਂ ਪੀੜਤ ਹੋਣ ਦੀ ਰਿਪੋਰਟ ਪਿੱਛੋਂ ਵਿਗਿਆਨੀਆਂ ਨੇ ਗਾਵਾਂ ’ਚ ‘ਐੱਚ.5 ਐੱਨ.1’ ਵਾਇਰਸ ਦੀ ਪੁਸ਼ਟੀ ਵੀ ਕੀਤੀ ਹੈ। ਇਸ ਨਾਲ ਗਾਵਾਂ ਸੁਸਤ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਦੁੱਧ ਦੀ ਮਾਤਰਾ ’ਚ ਵੀ ਕਮੀ ਆਈ ਹੈ।
ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਪਾਸ਼ਚਰਾਈਜ਼ਡ ਦੁੱਧ ’ਚ ਬਰਡ ਫਲੂ ਦੇ ਵਾਇਰਸ ਦੀ ਰਹਿੰਦ-ਖੂੰਹਦ ਮਿਲਣ ਦੀ ਵੀ ਪੁਸ਼ਟੀ ਕੀਤੀ ਹੈ।
ਇਸ ਦੇ ਨਾਲ ਹੀ, ਅਮਰੀਕਾ ’ਚ ਹਿਰਨਾਂ ’ਤੇ ‘ਕ੍ਰੋਨਿਕ ਵੇਸਟਿੰਗ ਡਿਜ਼ੀਜ਼’ ਨਾਂ ਦੀ ਇਕ ਭਿਆਨਕ ਬੀਮਾਰੀ, ਜਿਸ ਨੂੰ ‘ਜੌਂਬੀ ਡੀਅਰ ਡਿਜ਼ੀਜ਼’ ਵੀ ਕਹਿੰਦੇ ਹਨ, ਕਹਿਰ ਢਾਉਣ ਲੱਗੀ ਹੈ। ਤੇਜ਼ੀ ਨਾਲ ਫੈਲ ਰਹੀ ਇਸ ਬੀਮਾਰੀ ਦੀ ਲਾਗ ਵਾਲੇ ਹਿਰਨ ਦਾ ਮਾਸ ਖਾਣ ਵਾਲੇ 2 ਅਮਰੀਕੀ ਸ਼ਿਕਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਬੀਮਾਰੀ ਕਾਰਨ ਹਿਰਨ ‘ਭ੍ਰਮਿਤ’ ਹੋ ਜਾਂਦੇ ਹਨ ਅਤੇ ਮੂੰਹ ’ਚੋਂ ਲਾਰ ਟਪਕਾਉਣ ਲੱਗਦੇ ਹਨ। ਉਂਝ ਤਾਂ ਹਿਰਨ ਇਕ ਡਰਪੋਕ ਜਾਨਵਰ ਹੈ ਪਰ ਇਸ ਰੋਗ ਦਾ ਸ਼ਿਕਾਰ ਹੋ ਜਾਣ ’ਤੇ ਉਨ੍ਹਾਂ ’ਚੋਂ ਇਨਸਾਨਾਂ ਦਾ ਡਰ ਖਤਮ ਹੋ ਜਾਂਦਾ ਹੈ।
ਅਜਿਹੇ ਹਿਰਨ ਦਾ ਮਾਸ ਖਾਣ ਪਿੱਛੋਂ ਇਨ੍ਹਾਂ ਸ਼ਿਕਾਰੀਆਂ ’ਚ ਅਚਾਨਕ ਭਰਮ ਅਤੇ ਹਮਲਾਵਰ ਰੁਖ ਦੇ ਲੱਛਣ ਦਿਖਾਈ ਦੇਣ ਲੱਗੇ। ਪਿਛਲੇ ਕੁਝ ਸਮੇਂ ਦੌਰਾਨ ਉੱਤਰੀ ਕੈਰੋਲੀਨਾ ’ਚ ਵੀ ਇਸ ਰੋਗ ਦੇ 24 ਮਾਮਲੇ ਸਾਹਮਣੇ ਆਏ ਹਨ।
‘ਨਿਊਰੋਲੋਜੀ ਜਰਨਲ’ ਅਨੁਸਾਰ ਇਹ ਬੀਮਾਰੀ ਲਗਭਗ 100 ਫੀਸਦੀ ਮਾਰੂ ਹੈ, ਜਿਸ ਨਾਲ ਇਸ ਦੇ ਮਨੁੱਖਾਂ ’ਚ ਫੈਲਣ ਦਾ ਖਤਰਾ ਵਧ ਜਾਂਦਾ ਹੈ।
ਇਸ ਰੋਗ ਲਈ ‘ਪ੍ਰਾਯੰਸ’ ਨਾਂ ਦਾ ਇਕ ਵਿਸ਼ੇਸ਼ ਕਿਸਮ ਦਾ ਪ੍ਰੋਟੀਨ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਇਹ ਅਸਲ ’ਚ ਗਲਤ ਢੰਗ ਨਾਲ ਫੋਲਡ (ਮੁੜੇ) ਹੋਏ ਪ੍ਰੋਟੀਨ ਹੁੰਦੇ ਹਨ, ਜੋ ਦਿਮਾਗ ’ਚ ਮੌਜੂਦ ਆਮ ਪ੍ਰੋਟੀਨ ਨੂੰ ਵੀ ਗਲਤ ਢੰਗ ਨਾਲ ਫੋਲਡ ਹੋਣ (ਮੁੜਨ) ਲਈ ਮਜਬੂਰ ਕਰ ਦਿੰਦੇ ਹਨ ਅਤੇ ਵਿਅਕਤੀ ਇਸ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ।
ਇਨ੍ਹਾਂ ਰੋਗਾਂ ਤੋਂ ਬਚਾਅ ਲਈ ਰੋਕਥਾਮ ਦੇ ਉਪਾਅ ਕਰਨ, ਸਾਵਧਾਨੀਆਂ ਵਰਤਣ ਅਤੇ ਖੁਦ ਨੂੰ ਜੰਗਲੀ ਜੀਵਾਂ ਦੇ ਨਾਲ ਆਪਣੇ ਸੰਪਰਕ ਨੂੰ ਸੀਮਤ ਕਰਨ ਦੀ ਲੋੜ ਹੈ। ਲੋਕਾਂ ਨੂੰ ਪੰਛੀਆਂ ਦੀ ਬਿੱਠ ਦੇ ਸੰਪਰਕ ’ਚ ਆਉਣ ਪਿੱਛੋਂ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਜਾਨਵਰਾਂ ਅਤੇ ਪੰਛੀਆਂ ਦਾ ਮਾਸ ਖਾਣ ਨਾਲ ਇਨਸਾਨਾਂ ’ਚ ਲਾਗ ਦਾ ਖਤਰਾ ਵਧ ਸਕਦਾ ਹੈ ਅਤੇ ਲਾਗ ਵਾਲਾ ਚਿਕਨ ਖਾਣ ਨਾਲ ਬਰਡ ਫਲੂ ਹੋ ਸਕਦਾ ਹੈ। ਇਸ ਲਈ ਲੋਕਾਂ ਲਈ ਮਾਸ ਨਾ ਖਾਣਾ ਹੀ ਬਿਹਤਰ ਹੈ।
ਉਂਝ ਵੀ ਮਾਸ ਨੂੰ ਇਨਸਾਨਾਂ ਲਈ ਸਹੀ ਭੋਜਨ ਨਹੀਂ ਮੰਨਿਆ ਜਾਂਦਾ ਅਤੇ ‘ਤਾਮਸਿਕ ਭੋਜਨ’ ਮੰਨਿਆ ਜਾਂਦਾ ਹੈ। ਇਸ ਲਈ ਹਿੰਦੂ ਧਰਮ ’ਚ ਮਾਸ ਖਾਣ ਦੀ ਮਨਾਹੀ ਕੀਤੀ ਗਈ ਹੈ ਅਤੇ ਰਾਜਰਿਸ਼ੀ ਮਨੂ ਨੇ ਮਨੂਸਮ੍ਰਿਤੀ ’ਚ ਕਿਹਾ ਹੈ ਕਿ, ‘‘ਮਾਸ ਖਾਣ ਵਾਲਾ ਮਨੁੱਖ ਰਾਖਸ਼ ਜਾਂ ਭੂਤ ਸ਼੍ਰੇਣੀ ਦਾ ਮਨੁੱਖ ਅਖਵਾਉਂਦਾ ਹੈ।’’
ਜੈਨ ਧਰਮ ਦੇ 24ਵੇਂ ਤੀਰਥੰਕਰ ਮਹਾਵੀਰ ਸਵਾਮੀ ਨੇ ਜੀਵ ਹੱਤਿਆ ਅਤੇ ਮਾਸ ਖਾਣਾ, ਦੋਵਾਂ ਦੇ ਤਿਆਗ ਦਾ ਸੰਦੇਸ਼ ਦਿੰਦੇ ਹੋਏ ਅਹਿੰਸਾ ਨੂੰ ਸਭ ਤੋਂ ਵੱਡਾ ਧਰਮ (ਅਹਿੰਸਾ ਪਰਮੋਧਰਮ) ਕਿਹਾ ਹੈ। ਇਨਸਾਨ ਵਾਂਗ ਪਸ਼ੂ-ਪੰਛੀਆਂ ਨੂੰ ਵੀ ਜਿਊਣ ਦਾ ਹੱਕ ਹੈ। ਇਸ ਲਈ ਇਸ ਜਗਤ ਦੇ ਸਾਰੇ ਜੀਵਾਂ ਪ੍ਰਤੀ ਮਿੱਤਰਤਾ ਦਾ ਭਾਵ ਰੱਖੋ।
–ਵਿਜੇ ਕੁਮਾਰ