ਵੀਜ਼ਾ ਮਿਲਣ ''ਚ ਦੇਰੀ ਕਾਰਨ ਅਮਰੀਕਾ ''ਚ ਫਸੇ ਸੈਂਕੜੇ ਵਿਦਿਆਰਥੀ

06/17/2019 5:13:08 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖਤ ਨੀਤੀਆਂ ਦਾ ਅਸਰ ਵਿਦਿਆਰਥੀਆਂ ਦੇ ਵੀਜ਼ਾ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਵੀਜ਼ਾ ਪ੍ਰਕਿਰਿਆ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਲਈ ਅਮਰੀਕਾ ਵਿਚ ਪੜ੍ਹਾਈ ਦੇ ਬਾਅਦ ਨੌਕਰੀ ਲਈ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ੇ ਦਾ ਇੰਤਜ਼ਾਰ ਹੈ। ਅਮਰੀਕਾ ਵਿਚ ਫਸੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਵੀ ਹਨ। 

ਅਮਰੀਕਾ ਵਿਚ ਪਿਛਲੇ ਸਾਲ ਕਰੀਬ 10 ਲੱਖ 78 ਹਜ਼ਾਰ ਵਿਦੇਸ਼ੀ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਇਨ੍ਹਾਂ ਵਿਚ ਕਰੀਬ 17 ਫੀਸਦੀ ਵਿਦਿਆਰਥੀ ਭਾਰਤੀ ਹਨ। ਵਿਦੇਸ਼ੀ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਕਈ ਉੱਚ ਯੂਨੀਵਰਸਿਟੀਆਂ ਨੂੰ ਚਿੱਠੀ ਲਿਖ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਇੰਟਰਨਸ਼ਿਪ ਦੀ ਤਰੀਕ ਦੱਸੀ ਗਈ ਪਰ ਫੈਡਰਲ ਸਰਕਾਰ ਨੇ ਵੀਜ਼ਾ ਦੇਰੀ 'ਤੇ ਕੁਝ ਵੀ ਨਹੀਂ ਕਿਹਾ। ਉਨ੍ਹਾਂ ਨੂੰ ਆਪਣੇ ਰੋਜ਼ਾਨਾ ਖਰਚ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਿੰਸਟਨ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੂੰ ਨੌਕਰੀ ਦਾ ਪ੍ਰਸਤਾਵ ਮਿਲਿਆ ਸੀ ਪਰ ਵੀਜ਼ਾ ਦੇ ਇੰਤਜ਼ਾਰ ਵਿਚ ਉਨ੍ਹਾਂ ਨੂੰ ਦੇਸ਼ ਵਾਪਸੀ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੋਲੰਬੀਆ ਯੂਨੀਵਰਸਿਟੀ ਦੇ ਜਰਨੇਲਿਜ਼ਮ ਸਕੂਲ ਤੋਂ ਗ੍ਰੈਜੁਏਟ ਹੋਣ ਵਾਲੇ ਚੀਨੀ ਵਿਦਿਆਰਥੀ ਯਲਿੰਗ ਜਿਆਂਗ ਨੇ ਕਿਹਾ,''ਰੋਜ਼ਾਨਾ ਸਵੇਰੇ ਮੈਂ ਇਸੇ ਚਿੰਤਾ ਨਾਲ ਉਠਦਾ ਹਾਂ ਕਿ ਅੱਜ ਕੀ ਕਰਾਂਗਾ? ਮੈਂ ਕੰਮ ਕਦੋ ਸ਼ੁਰੂ ਕਰਾਂਗਾ?'' ਕੋਲੰਬੀਆ ਤੋਂ ਹੀ ਗ੍ਰੈਜੁਏਸ਼ਨ ਕਰਨ ਵਾਲੀ ਭਾਰਤੀ ਵਿਦਿਆਰਥਣ ਜੀਵਿਕਾ ਵਰਮਾ (23) ਨੇ ਕਿਹਾ ਕਿ ਜਦੋਂ ਤੁਸੀਂ ਇਨਟਰਨ ਦੇ ਤੌਰ 'ਤੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹੋ ਤਾਂ ਫਿਰ ਤੁਸੀਂ ਅੱਗੇ ਕਦਮ ਵਧਾਉਣ ਲਈ ਸਮਰੱਥ ਹੋਣਾ ਚਾਹੁੰਦੇ ਹੋ ਪਰ ਮੈਂ ਹਾਲੇ ਸ਼ੁਰੂਆਤ ਨਹੀਂ ਕਰ ਸਕਦੀ। 

ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰਧਾਨ ਕ੍ਰਿਸਟੋਫਰ ਐੱਲ ਦੀ ਅਗਵਾਈ ਵਿਚ ਨਿਊ ਜਰਸੀ ਦੇ ਕਈ ਕਾਲਜਾਂ ਨੇ ਸਾਂਸਦਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਵੀਜ਼ਾ ਵਿਚ ਦੇਰੀ ਦੇ ਵੱਧਦੇ ਮਾਮਲੇ ਪਰੇਸ਼ਾਨ ਕਰਨ ਵਾਲੇ ਹਨ। ਟਰੰਪ ਪ੍ਰਸ਼ਾਸਨ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਨ ਅਤੇ ਕੰਮ ਕਰਨ ਦੇ ਰਸਤੇ ਵਿਚ ਰੁਕਾਵਟ ਪੈ ਰਹੀ ਹੈ। ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਕਿਹਾ ਹੈ ਕਿ ਅਮਰੀਕੀ ਵਿੱਦਿਅਕ ਅਦਾਰਿਆਂ ਵਿਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਦੋ ਸਾਲ ਦੇ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਪ੍ਰਕਿਰਿਆ ਵਿਚ ਲੱਗਣ ਵਾਲੇ ਸਮੇਂ ਵਿਚ 45 ਫੀਸਦੀ ਦਾ ਵਾਧਾ ਹੋਇਆ ਹੈ। 

ਉੱਧਰ ਵੀਜ਼ਾ ਮਾਮਲਿਆਂ ਨੂੰ ਦੇਖਣ ਵਾਲੀ ਏਜੰਸੀ ਅਮਰੀਕਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਪ੍ਰਕਿਰਿਆ ਵਿਚ 5 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇਹ ਵੱਡੀ ਗਿਣਤੀ ਵਿਚ ਐਪਲੀਕੇਸ਼ਨ ਮਿਲਣ ਦਾ ਨਤੀਜਾ ਹੈ। ਅਮਰੀਕਾ ਵਿਚ ਪੜ੍ਹਾਈ ਪੂਰੀ ਕਰਨ ਜਾਂ ਨੌਕਰੀ ਸ਼ੁਰੂ ਕਰਨ ਤੋਂ 90 ਦਿਨ ਪਹਿਲਾਂ ਵਿਦੇਸ਼ੀ ਵਿਦਿਆਰਥੀ ਕੰਮ ਕਰਨ ਦੀ ਇਜਾਜ਼ਤ ਲੈਣ ਲਈ ਐਪਲੀਕੇਸ਼ਨ ਦੇ ਸਕਦੇ ਹਨ। ਇਸ ਲਈ ਪਹਿਲਾਂ ਵੱਧ ਤੋਂ ਵੱਧ 90 ਦਿਨ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਆਮਤੌਰ 'ਤੇ 60 ਦਿਨਾਂ ਦੇ ਅੰਦਰ ਹੀ ਇਜਾਜ਼ਤ ਮਿਲ ਜਾਂਦੀ ਸੀ।


Vandana

Content Editor

Related News